Protested against the hike : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਾਲ ਹੀ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਂਦਿਆਂ ਤੇਲ ਕੀਮਤਾਂ ਘਟਾ ਕੇ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਤੇ ਵਪਾਰ ਤੇ ਇੰਡਸਟਰੀ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਤੇਲ ‘ਤੇ ਵਧਾਏ ਗਏ ਸੂਬੇ ਦੇ ਵੈਟ ਨੂੰ ਵਾਪਸ ਲੈਣਾ ਚਾਹੀਦਾ ਹੈ।
ਸ. ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 16 ਦਿਨਾਂ ਵਿਚ ਤੇਲ ਕੀਮਤਾਂ ਵਿਚ ਕਾਫੀ ਵਾਧਾ ਕੀਤਾ ਗਿਆ ਹੈ ਜਿਸ ਨਾਲ ਦੇਸ਼ ਦੇ ਅਰਥਵਿਵਸਥਾ ‘ਤੇ ਬਹੁਤ ਦਬਾਅ ਪਿਆ ਹੈ ਜਦਕਿ ਇਹ ਪਹਿਲਾਂ ਹੀ ਕੋਰੋਨਾ ਲਾਕ ਡਾਊਨ ਦੇ ਕਾਰਨ ਕਾਫੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ 16 ਦਿਨਾਂ ਵਿਚ ਪੈਟਰੋਲ ਦੀ ਕੀਮਤ 9.21 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 8.55 ਰੁਪਏ ਪ੍ਰਤੀ ਲੀਟਰ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਰਿਟੇਲ ਕੀਮਤਾਂ ‘ਤੇ ਟੈਕਸ ਦੋ ਤਿਹਾਈ ਹੋ ਗਿਆ ਹੈ।
ਸ਼੍ਰੀ ਬਾਦਲ ਨੇ ਕਿਹਾ ਕਿ ਇਹ ਵਾਧਾ ਵਾਪਸ ਲੈਣਾ ਇਸ ਲਈ ਵੀ ਵਾਜਬ ਹੋਵੇਗਾ ਕਿਉਂਕਿ ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਅਣਕਿਆਸੀ ਗਿਰਾਵਟ ਆਈ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੇਲ ਕੰਪਨੀਆਂ ਨੂੰ ਹਦਾਇਤ ਦੇਣ ਕਿ ਕੌਮਾਂਤਰੀ ਬਜ਼ਾਰ ਵਿਚ ਤੇਲ ਕੀਮਤਾਂ ਵਿਚ ਹੋਈ ਗਿਰਾਵਟ ਦਾ ਲਾਭ ਆਮ ਆਦਮੀ ਨੂੰ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਵੀ ਕਿਸਾਨਾਂ ਅਤੇ ਆਮ ਆਦਮੀ ਦੇ ਹਿੱਤ ਵਿਚ ਤੇਲ ਕੀਮਤਾਂ ‘ਤੇ ਸੂਬੇ ਦੇ ਵੈਟ ਵਿਚ ਕੀਤਾ ਗਿਆ ਵਾਧਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪੈਟਰੋਲ ਦੀ ਕੀਮਤ ‘ਤੇ 3.20 ਰੁਪਏ ਅਤੇ ਡੀਜ਼ਲ ਦੀ ਕੀਮਤ ‘ਤੇ 2.53 ਰੁਪਏ ਪ੍ਰਤੀ ਲੀਟਰ ਵੈਟ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਸੂਬੇ ਵਿਚੋਂ ਹਿਜਰਤ ਕਰ ਜਾਣ ਕਾਰਨ ਝੋਨੇ ਦੀ ਲੁਆਈ ਲਈ ਦੁੱਗਣੀਆਂ ਲੇਬਰ ਕੀਮਤਾਂ ਅਦਾ ਕਰਨੀਆਂ ਪਈਆਂ ਹਨ।