PSEB has given : ਸਿੱਖਿਆ ਵਿਭਾਗ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਅਹਿਮ ਫੈਸਲਾ ਲਿਆ ਗਿਆ ਹੈ। ਫੈਸਲੇ ਮੁਤਾਬਕ 2004 ਅਤੇ ਉਸ ਤੋਂ ਬਾਅਦ ਪੇਪਰ ਦੇਣ ਵਾਲੇ ਅਜਿਹੇ ਵਿਦਿਆਰਥੀ ਜਿਨ੍ਹਾਂ ਦਾ ਰਿਜ਼ਲਟ ਰੀਅਪੀਰ ਜਾਂ ਕੰਪਾਰਟਮੈਂਟ ਸੀ ਜਾਂ ਉਨ੍ਹਾਂ ਨੂੰ ਜਿਹੜੇ ਮੌਕੇ ਮਿਲੇ ਉਸ ‘ਚ ਉਹ ਪਾਸ ਨਹੀਂ ਹੋ ਸਕੇ, ਨੂੰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰੀਖਿਆਵਾਂ ਕੰਟਰੋਲਰ ਜੇ. ਆਰ ਮਹਿਰੋਕ ਵੱਲੋਂ ਦਿੱਤੀ ਗਈ।
ਜਾਣਕਾਰੀ ਦਿੰਦਿਆਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਮਾਰਚ 2004 ਤੋਂ ਲੈ ਕੇ 2019 ਤੱਕ ਰੈਗੂਲਰ ਵਿਦਿਆਰਥੀ ਵਜੋਂ ਅਪੀਅਰ ਹੋਣ ਵਾਲੇ ਅਤੇ 2004 ਤੋਂ ਮਾਰਚ 2017 ਤਕ ਓਪਨ ਸਕੂਲ ਅਧੀਨ ਪ੍ਰੀਖਿਆਵਾਂ ਦੇਣ ਵਾਲੇ ਅਜਿਹੇ ਵਿਦਿਆਰਥੀ ਜਿਨ੍ਹਾਂ ਦਾ ਨਤੀਜਾ ਰੀਅਪੀਅਰ ਜਾਂ ਕੰਪਾਰਟਮੈਂਟ ਦਾ ਆਇਆ ਸੀ, ਹੁਣ ਉਨ੍ਹਾਂ ਨੂੰ ਪੰਜਾਬ ਬੋਰਡ ਵੱਲੋਂ ਇੱਕ ਹੋਰ ਸੁਨਿਹਰੀ ਮੌਕਾ ਦਿੱਤਾ ਗਿਆ ਹੈ ਤੇ ਇਸੇ ਦੇ ਨਾਲ ਹੀ ਮਾਰਚ 2004 ਤੋਂ ਮਾਰਚ 2018 ਤਕ 10ਵੀਂ ਤੇ 12ਵੀਂ ਦੇ ਵਿਦਿਆਰਥੀ ਜਿਹੜੇ ਪੇਪਰਾਂ ਵਿੱਚ ਪਾਸ ਹੋ ਗਏ ਹਨ ਪਰ ਉਹ ਆਪਣੀ ਕਾਰਗੁਜ਼ਾਰੀ ‘ਚ ਵਾਧਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਆਪਣੀ ਕਾਰਗੁਜ਼ਾਰੀ ਦਿਖਾਉਣ ਵਾਸਤੇ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਵੱਲੋਂ ਇਹ ਵੀ ਯਕੀਨੀ ਬਣਾਇਆ ਗਿਆ ਕਿ ਉਨ੍ਹਾਂ ਦੇ ਇਹ ਪ੍ਰੀਖਿਆਵਾਂ ਉਦੋਂ ਹੀ ਲਈਆਂ ਜਾਣਗੀਆਂ ਜਦੋਂ ਕੋਵਿਡ-19 ਵਾਇਰਸ ਦਾ ਪ੍ਰਭਾਵ ਘੱਟ ਜਾਵੇਗਾ।
ਪ੍ਰੀਖਿਆ ਲਈ 10,000/- ਰੁਪਏ ਉੱਕਾ-ਪੁੱਕਾ ਫੀਸ ਨਿਰਧਾਰਤ ਕੀਤੀ ਗਈ ਹੈ ਤੇ ਵਿਦਿਆਰਥੀ 18 ਸਤੰਬਰ ਤੱਕ ਆਨਲਾਈਨ ਫੀਸ ਬਿਨਾਂ ਕਿਸੇ ਲੇਟ ਫੀਸ ਦੇ ਭਰ ਸਕਦੇ ਹਨ। ਵਿਦਿਆਰਥੀ ਨੂੰ ਆਪਣੇ ਜਿਲ੍ਹੇ ਦੇ ਖੇਤਰੀ ਦਫਤਰਾਂ ‘ਚ ਫਾਰਮਾਂ ਦੀ ਹਾਰਡ ਕਾਪੀ 25 ਸਤੰਬਰ 2020 ਤਕ ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ। ਹਰੇਕ ਵਿਦਿਆਰਥੀ 1000/- ਰੁਪਏ ਲੇਟ ਫੀਸ ਨਾਲ 25 ਸਤੰਬਰ 2020 ਤਕ ਆਨਲਾਈਨ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸ ਭਰ ਕੇ 30 ਸਤੰਬਰ 2020 ਤੱਕ ਫਾਰਮਾਂ ਦੀ ਹਾਰਡ ਕਾਪੀ ਸਿਰਫ ਮੁੱਖ ਦਫਤਰ ਵਿਖੇ ਜਮ੍ਹਾ ਕਰਵਾਉਣੀ ਹੋਵੇਗੀ ਤੇ ਇਸ ਤੋਂ ਬਾਅਦ 1 ਅਕਤੂਬਰ 2020 ਤੋਂ ਬਾਅਦ ਫਾਰਮ ਜਮ੍ਹਾ ਕਰਵਾਉਣ ਲਈ ਲੇਟ ਫੀਸ 2000/- ਹਰੇਕ ਵਿਦਿਆਰਥੀ ‘ਤੇ ਹੋਵੇਗਾ ਤੇ 5 ਅਕਤੂਬਰ ਤਕ ਹੀ ਪ੍ਰੀਖਿਆਰਥੀ ਮੁੱਖ ਦਫਤਰ ‘ਚ ਫਾਰਮਾਂ ਦੀ ਹਾਰਡ ਕਾਪੀ ਜਮ੍ਹਾ ਕਰਵਾ ਸਕਣਗੇ। ਵਿਦਿਆਰਥੀ ਫੀਸ ਆਨਲਾਈਨ, ਡੈਬਿਟ, ਕ੍ਰੈਡਿਟ ਜਾਂ ਨੈੱਟ ਬੈਂਕਿੰਗ ਰਾਹੀਂ ਵੀ ਜਮ੍ਹਾ ਕਰਵਾ ਸਕਦੇ ਹਨ। ਪੂਰੀ ਜਾਣਕਾਰੀ ਵੈੱਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।