PU issues new : ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ‘ਚ ਚੱਲ ਰਹੀ ਆਰਥਿਕ ਤੰਗੀ ਕਿਸੇ ਤੋਂ ਲੁਕੀ ਨਹੀਂ ਹੈ। ਉਥੇ ਪੀ. ਯੂ. ਪ੍ਰਸ਼ਾਸਨ ਇਸ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਹਿਤ ਪੀ. ਯੂ. ਪ੍ਰਸ਼ਾਸਨ ਨੇ ਦੇਸ਼ ਤੇ ਵਿਦੇਸ਼ ‘ਚ ਆਯੋਜਿਤ ਹੋਣ ਵਾਲੀ ਕਾਨਫਰੰਸ ‘ਚ ਹਿੱਸਾ ਲੈਣ ਵਾਲੇ ਟੀਚਰ ਤੇ ਮੁਲਾਜ਼ਮਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਇਸ ਤਹਿਤ ਜੋ ਵੀ ਟੀਚਰ ਤੇ ਮੁਲਾਜ਼ਮ ਜੇਕਰ ਦੇਸ਼ ਤੇ ਵਿਦੇਸ਼ ‘ਚ ਆਯੋਜਿਤ ਹੋਣ ਵਾਲੀ ਕਾਨਫਰੰਸ ‘ਚ ਹਿੱਸਾ ਲੈਣ ਜਾਂਦਾ ਹੈ ਤਾਂ ਉਸ ਨੂੰ ਪੀ. ਯੂ. ਵੱਲੋਂ ਕੋਈ ਵੀ ਆਰਥਿਕ ਮਦਦ ਨਹੀਂ ਦਿੱਤੀ ਜਾਵੇਗੀ ਮਤਲਬ ਜੇਕਰ ਟੀਚਰ ਕਾਨਫਰੰਸ ‘ਚ ਸ਼ਾਮਲ ਹੋਣ ਲਈ ਵਿਦੇਸ਼ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜੇਬ ‘ਚੋਂ ਉਸ ਦਾ ਖਰਚਾ ਦੇਣਾ ਹੋਵੇਗਾ।
ਫੈਸਲੇ ਤੋਂ ਬਾਅਦ ਉਨ੍ਹਾਂ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਜ਼ੋਰਦਾਰ ਝਟਕਾ ਲੱਗਾ ਹੈ ਜਿਨ੍ਹਾਂ ਨੇ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋਣਾ ਸੀ। ਫਿਲਹਾਲ ਤਾਂ ਕੋਰੋਨਾ ਕਾਰਨ ਇਨ੍ਹਾਂ ਪ੍ਰੋਗਰਾਮਾਂ ‘ਤੇ ਰੋਕ ਹੈ ਪਰ ਅਨਲਾਕ ਹੋਣ ‘ਤੇ ਗਾਈਡਲਾਈਨਜ਼ ਤਹਿਤ ਪ੍ਰੋਗਰਾਮ ਸ਼ੁਰੂ ਹੋ ਸਕਦੇ ਹਨ। ਦੇਸ਼ ਤੇ ਵਿਦੇਸ਼ ‘ਚ ਆਯੋਜਿਤ ਹੋਣ ਵਾਲੀ ਕਾਨਫਰੰਸ ‘ਚ ਕੈਂਪਸ ਤੋਂ ਕਈ ਅਧਿਆਪਕ ਜਾਂਦੇ ਸਨ। ਇਸ ਤੋਂ ਇਲਾਵਾ ਦੇਸ਼ ‘ਚ ਆਯੋਜਿਤ ਹੋਣ ਵਾਲੀ ਕਾਨਫਰੰਸ ‘ਚ ਵੀ ਵੱਡੀ ਗਿਣਤੀ ‘ਚ ਕੈਂਪਸ ਤੋਂ ਟੀਚਰ ਗਏ ਸਨ। ਇਨ੍ਹਾਂ ਸਾਰਿਆਂ ਦੀ ਯਾਤਰਾ ‘ਤੇ ਕਰੋੜਾਂ ਦਾ ਖਰਚਾ ਹੁੰਦਾ ਸੀ।
ਹੁਣੇ ਜਿਹੇ ਪੀ. ਯੂ. ਅਧਿਕਾਰੀਆਂ ਦੀ ਇੱਕ ਬੈਠਕ ਹੋਈ ਸੀ ਜਿਸ ‘ਚ ਕਮੇਟੀ ਨੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਫਾਈਨੈਂਸ਼ੀਅਲ ਸਬਸਿਡੀ ‘ਤੇ ਰੋਕ ਲਗਾਈ ਹੈ। ਉਸ ਤੋਂ ਬਾਅਦ ਪੀ. ਯੂ. ਦੇ ਚੇਅਰਮੈਨ ਪ੍ਰੋ. ਰਾਜਕੁਮਾਰ ਨੇ ਇਸ ‘ਤੇ ਮੋਹਰ ਲਗਾ ਦਿੱਤੀ ਹੈ। ਇਸ ਫੈਸਲੇ ਦੀ ਕਾਪੀ ਸਾਰੇ ਵਿਭਾਗ ਨੂੰ ਈ-ਮੇਲ ਰਾਹੀਂ ਭੇਜ ਦਿੱਤੀ ਜਾਵੇਗੀ। ਪੀ. ਯੂ. ਪ੍ਰਸ਼ਾਸਨ ਫਾਲਤੂ ਖਰਚਿਆਂ ‘ਤੇ ਰੋਕ ਲਗਾ ਰਿਹਾ ਹੈ।