PU students protest : ਚੰਡੀਗੜ੍ਹ : ਪੀ.ਯੂ. ਵਿਚ ਨਵੇਂ ਸਮੈਸਟਰ ਦੀਆਂ ਕਲਾਸਾਂ ਜੋ ਕਿ 3 ਅਗਸਤ ਤੋਂ ਸ਼ੁਰੂ ਕੀਤੀਆਂ ਗਈਆਂ ਹਨ ਉਹ ਬੰਦ ਕਰ ਦਿੱਤੀਆਂ ਗਈਆਂ ਹਨ। 31 ਅਗਸਤ ਤਕ ਫੀਸ ਜਮ੍ਹਾ ਕਰਵਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਹੀ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ। ਪਿਛਲੇ ਸਮੈਸਟਰ ਦੀ ਡਾਊਟ ਕਲੀਅਰ ਕਰਨ ਲਈ ਕਲਾਸਾਂ ਲੱਗ ਸਕਦੀਆਂ ਹਨ। ਸਮੈਸਟਰ ਦੀ ਫੀਸ ਨੂੰ ਮੁਆਫ ਕਰਨ ਦੀ ਮੰਗ ਨੂੰ ਲੈ ਕੇ ਆਈਸਾ, ਸੀ. ਵਾਈ. ਐੱਸ. ਐੱਸ., ਪੀ. ਐੱਸ. ਯੂ. ਲਲਕਾਰ, ਸੋਈ, ਸੋਪੂ, ਐੱਸ. ਐੱਫ. ਐੱਸ., ਐੱਨ. ਐੱਸ.ਯੂ. ਆਈ., ਯੂਥ ਫਾਰ ਸਵਰਾਜ ਅਤੇ ਪੀ. ਯੂ. ਸੀ. ਐੈੱਸ. ਸੀ. ਵਲੋਂ ਸੋਮਵਾਰ ਨੂੰ ਐਡਮਨੀਸਟ੍ਰੇਟਿਵ ਬਲਾਕ ਦੇ ਬਾਹਰ ਨਾਅਰੇ ਲਗਾਏ ਗਏ।
ਸਟੂਡੈਂਟ ਨੇਤਾਵਾਂ ਨੇ ਰੇਹੜੀ ‘ਤੇ ਡਿਗਰੀ ਵੇਚ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਸਹੀ ਫੈਸਲਾ ਨਾ ਲਏ ਜਾਣ ਕਾਰਨ ਡੀ. ਐੱਸ. ਡਬਲਯੂ. ਨੂੰ ਅਸਤੀਫਾ ਦੇਣ ਨੂੰ ਵੀ ਕਿਹਾ। ਵਿਦਿਆਰਥੀਆਂ ਨੇ ਪੀ.ਯੂ. ਦਾ ਸਟਾਲ ਲਗਾਇਆ ਹੋਇਆ ਸੀ ਅਤੇ ਪੈਸਾ ਦੇਣ ਲਈ ਲੁੱਟ ਪਾਤਰ ਵੀ ਰੱਖਿਆ ਹੋਇਆ ਸੀ। ਪ੍ਰੋ. ਗੋਇਲ ਦੀ ਪ੍ਰਧਾਨਗੀ ਵਿਚ ਬਣੀ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਮਹਾਮਾਰੀ ਦੇ ਦੌਰ ‘ਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਲਈ ਡੀ. ਐੱਸ. ਡਬਲਯੂ. ਦੀ ਪ੍ਰਧਾਨਗੀ ਵਿਚ ਕਮੇਟੀ ਬਣਾਈ ਜਾਵੇ। ਇਹ ਕਮੇਟੀ ਹੀ ਦੇਖੇਗੀ ਕਿ ਕਿਸ ਵਿਦਿਆਰਥੀ ਨੂੰ ਕਿਹੜੀ ਸਮੱਸਿਆ ਹੈ ਅਤੇ ਮਦਦ ਦੀ ਲੋੜ ਹੈ।