Punjab government school : ਪੰਜਾਬ ਸਰਕਾਰ ਨੇ ਰਾਸ਼ਟਰੀ ਸਿੱਖਿਅਕ ਪੁਰਸਕਾਰ 2019 ਲਈ ਅਧਿਆਪਕਾਂ ਨੂੰ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ। ਡਾਇਰੈਕਟਰ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਨੇ 6 ਜੁਲਾਈ 2020 ਤਕ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਹੈ। ਇਸ ਐਵਾਰਡ ਲਈ ਸਾਰੇ ਸਕੂਲ ਮੁਖੀ, ਇੰਚਾਰਜ ਤੇ ਰੈਗੂਲਰ ਟੀਚਰ ਅਪਲਾਈ ਕਰ ਸਕਦੇ ਹਨ। ਇਸ ਐਵਾਰਡ ਦੇ ਮੁਲਾਂਕਮ ਲਈ ਹਰ ਜਿਲ੍ਹੇ ਵਿਚ ਜਿਲ੍ਹਾ ਚੋਣ ਕਮੇਟੀ ਬਣਾਈ ਜਾਵੇਗੀ। ਜਿਲ੍ਹਾ ਚੋਣ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਨਾਮਜ਼ਦ ਕਰਕੇ ਸੂਬਾ ਚੋਣ ਕਮੇਟੀ ਨੂੰ 21 ਜੁਲਾਈ 2020 ਤਕ ਭੇਜੇਗੀ। ਸੂਬਾ ਚੋਣ ਕਮੇਟੀ ਦੇ ਚੇਅਰਮੈਨ ਸਿੱਖਿਆ ਸਕੱਤਰ ਹੋਣਗੇ। ਉਨ੍ਹਾਂ ਤੋਂ ਇਲਾਵਾ ਇਸ ਕਮੇਟੀ ਵਿਚ ਕੇਂਦਰ ਸਰਕਾਰ ਦਾ ਇਕ ਨੁਮਾਇੰਦਾ ਡਾਇਰੈਕਟਰ ਸਿੱਖਿਆ (ਮੈਂਬਰ ਸਕੱਤਰ), ਡਾਇਰੈਕਟਰ SCERT (ਮੈਂਬਰ) ਤੇ ਸੂਬਾ ਐੱਮ. ਆਈ. ਐੱਸ. ਇੰਚਾਰਜ (ਤਕਨੀਕੀ ਸਹਾਇਕ) ਹੋਣਗੇ।
ਇਹ ਸੂਬਾ ਚੋਣ ਕਮੇਟੀ 6 ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਕਮੇਟੀ ਨੂੰ 31 ਜੁਲਾਈ 2020 ਤਕ ਭੇਜੇਗੀ। ਇਨ੍ਹਾਂ ਵਲੋਂ ਨਾਮਜ਼ਦ ਕੀਤੇ ਉਮੀਦਵਾਰਾਂ ਵਲੋਂ ਜੱਜਾਂ ਸਾਹਮਣੇ ਆਪਣੇ ਕੰਮਾਂ/ਉਪਲਬਧੀਆਂ ਸਬੰਧੀ ਪੇਸ਼ਕਸ਼ ਕੀਤੀ ਜਾਵੇਗੀ ਜੋ ਅਧਿਆਪਕ ਵਧ ਨੰਬਰ ਹਾਸਲ ਕਰੇਗਾ ਉਸ ਨੂੰ ਰਾਸ਼ਟਰੀ ਇਨਾਮ ਲਈ ਚੁਣਿਆ ਜਾਵੇਗਾ। ਇਸ ਵਾਰ ਐੱਮ. ਐੱਚ. ਆਰ. ਡੀ. ਵਲੋਂ ਕਿਸੇ ਵੀ ਸੂਬੇ ਨੂੰ ਨੈਸ਼ਨਲ ਐਵਾਰਡ ਸਬੰਧੀ ਕੋਈ ਨਿਰਧਾਰਤ ਕੋਟਾ ਨਹੀਂ ਦਿੱਤਾ ਗਿਆ।
ਪਿਛਲੇ ਸਾਲ ਪੰਜਾਬ ਤੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਰੰਘੜ੍ਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕੱਲੇ ਸਾਇੰਸ ਅਧਿਆਪਕ ਅਮਰਜੀਤ ਸਿੰਘ ਨੂੰ ਅਧਿਆਪਕ ਦਿਵਸ ਮੌਕੇ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੇ ਸਕੂਲਾਂ ਦੀ ਨੁਹਾਰ ਬਦਲਣ ਲਈ ਫੰਡ ਪ੍ਰਾਪਤ ਕੀਤੇ। ਸਾਲ 2018 ਵਿਚ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਹੋੜਾ, ਲੁਧਿਆਣਾ ਦੇ ਗਣਿਤ ਦੇ ਅਧਿਆਪਕ ਕਿਰਨਦੀਪ ਸਿੰਘ ਨੂੰ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਰਾਸ਼ਟਰੀ ਪੁਰਸਕਾਰ ਮਿਲਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ੇ ਨੂੰ ਆਸਾਨ ਤਰੀਕੇ ਨਾਲ ਸਮਝਣ ਤੇ ਉੱਤਮ ਬਣਾਉਣ ਲਈ ਦਿਲਚਸਪ ਮੌਡਿਊਲਸ ਤਿਆਰ ਕੀਤੇ ਹਨ।