Punjab-Haryana meeting : ਹਰਿਆਣਾ ਤੇ ਪੰਜਾਬ ਵਿਚ ਅੱਜ SYL ਮੁੱਦੇ ‘ਤੇ ਬੈਠਕ ਹੋਈ ਪਰ ਦੋਵਾਂ ‘ਚ ਸਹਿਮਤੀ ਨਹੀਂ ਹੋਈ। ਪੰਜਾਬ ਸਰਕਾਰ ਆਪਣੇ ਰੁਖ਼ ‘ਤੇ ਕਾਇਮ ਹੈ। ਅਜਿਹੇ ‘ਚ ਹੁਣ 15 ਦਿਨ ਬਾਅਦ ਦੁਬਾਰਾ ਬੈਠਕ ਹੋਵੇਗੀ। ਪੰਜਾਬ ਸਰਕਾਰ ਅਗਲੀ ਬੈਠਕ ‘ਚ ਕਾਨੂੰਨੀ ਮਾਹਿਰ ਨਾਲ ਲਿਆਏਗੀ। ਬੈਠਕ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲੀ ਵਾਰ ਖੁੱਲ੍ਹੇ ਮਨ ਨਾਲ ਮੁੱਦੇ ‘ਤੇ ਗੱਲ ਹੋਈ ਹੈ। ਹੁਣ ਐੱਸ. ਵਾਈ. ਐੱਲ. ਸਹਿਮਤੀ ਨਾਲ ਬਣੇਗੀ ਜਾਂ ਨਹੀਂ, ਇਹ ਤਾਂ ਸੁਪਰੀਮ ਕੋਰਟ ਹੀ ਦੱਸੇਗਾ।
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅਗਲੀ ਬੈਠਕ ਤੋਂ ਬਾਅਦ ਸੁਪਰੀਮ ਕੋਰਟ ਨੂੰ ਰਿਪੋਰਟ ਦੇਣਗੇ। ਸੁਪਰੀਮ ਕੋਰਟ ਦੇ ਹੁਕਮ ‘ਤੇ ਹੋਈ ਬੈਠਕ ‘ਚ ਮੁੱਖ ਮੰਤਰੀ ਮਨੋਹਰ ਲਾਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਨੂੰ ਲੈ ਕੇ ਚਰਚਾ ਕੀਤੀ। ਕੇਂਦਰੀ ਜਲ ਮੰਤਰੀ ਨੇ ਬੈਠਕ ਦੀ ਅਗਵਾਈ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਬੈਠਕ ਲਈ ਦਿੱਲੀ ਦੇ ਮਜ਼ਦੂਰ ਸ਼ਕਤੀ ਭਵਨ ਸਥਿਤ ਜਲ ਸੰਸਾਧਨ ਮੰਤਰਾਲੇ ਪਹੁੰਚੇ ਜਦੋਂ ਕਿ ਅਮਰਿੰਦਰ ਸਿੰਘ ਵੀਡੀਓ ਕਾਨਫਰਸਿੰਗ ਨਾਲ ਜੁੜੇ।
28 ਜੁਲਾਈ ਨੂੰ ਸੁਪਰੀਮ ਕੋਰਟ ਨੇ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਲਈ ਕਿਹਾ ਸੀ। ਹਰਿਆਣਾ ਦੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਬੈਠਕ ਕਰਨ ਤੇ ਕੇਂਦਰ ਸਰਕਾਰ ਨੂੰ ਵਿਚ ਦਾ ਰਸਤਾ ਕੱਢਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ ਗੱਲਬਾਤ ਲਈ 3 ਹਫਤਿਆਂ ਦਾ ਸਮਾਂ ਦਿੱਤਾ ਸੀ। ਇਹ ਵਿਵਾਦ ਲਗਭਗ 44 ਸਾਲ ਪੁਰਾਣਾ ਹੈ। ਪੰਜਾਬ ਦੇ ਰਾਜਨੇਤਾ ਗੁਆਂਢੀ ਰਾਜ ਹਰਿਆਣਾ ਨਾਲ ਪਾਣੀ ਸਾਂਝਾ ਕਰਨ ਦੇ ਪੱਖ ‘ਚ ਨਹੀਂ ਹਨ। ਮਨੋਹਰ ਲਾਲ ਦਾ ਕਹਿਣਾ ਹੈ ਕਿ ਹਰਿਆਣਾ ਦੇ ਹੱਕ ‘ਚ ਫੈਸਲਾ ਆ ਚੁੱਕਾ ਹੈ। ਹੁਣ ਫੈਸਲੇ ‘ਤੇ ਅਮਲ ਹੋਵੇ ਤੇ ਸੂਬੇ ਨੂੰ ਉਸ ਦੇ ਹੱਕ ਦਾ ਪਾਣੀ ਮਿਲੇ।