Punjab Police arrests : ਅੱਜ ਪੰਜਾਬ ਪੁਲਿਸ ਨੂੰ ਕਪੂਰਥਲਾ ਵਿਖੇ 5 ਕਰੋੜ ਰੁਪਏ ਹੈਰੋਇਨ ਫੜਨ ਵਿਚ ਵੱਡੀ ਸਫਲਤਾ ਮਿਲੀ ਹੈ। ਲੌਕਡਾਊਨ ਦਰਮਿਆਨ ਥਾਣਾ ਕੋਤਵਾਲੀ ਦੀ ਪੁਲਿਸ ਨੇ ਸਵਿਫਟ ਕਾਰ ਵਿਚੋਂ ਹੈਰੋਇਨ ਸਮੇਤ 4 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ DSP ਸਬ-ਡਵੀਜ਼ਨ ਸੁਰਿੰਦਰ ਸਿੰਘ ਨੇ ਦੱਸਿਆ ਕਿ SHO ਨਵਦੀਪ ਸਿੰਘ ਨੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਅਮਨਦੀਪ ਕੁਮਾਰ ਸਮੇਤ ਸੁਭਾਨਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ।
ਪੁਲਿਸ ਵਲੋਂ ਨਿਜਾਮਪੁਰ ਮੋੜ ਨਜ਼ਦੀਕ ਤੇਜ਼ ਰਫਤਾਰ ਸਵਿਫਟ ਕਾਰ ਨੂੰ ਰੁਕਣ ਲਈ ਕਿਹਾ ਗਿਆ ਪਰ ਉਸ ਨੇ ਕਾਰ ਹੋਰ ਤੇਜ਼ ਦੌੜਾਈ ਅਤੇ ਇਸੇ ਦਰਮਿਆਨ ਕਾਰ ਇਕ ਦਰੱਖਤ ਵਿਚ ਜਾ ਵੱਜੀ ਅਤੇ ਫਿਰ ਪੁਲਿਸ ਟੀਮ ਵਲੋਂ ਕਾਰ ਨੂੰ ਘੇਰ ਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਅਦਿਤਿਆ ਕਪੂਰ ਉਰਫ ਮੱਖਣ ਵਾਸੀ ਲਾਹੌਰੀ ਗੇਟ ਅੰਮ੍ਰਿਤਸਰ, ਮਨਪ੍ਰੀਤ ਉਰਫ ਮੋਨੂੰ ਵਾਸੀ ਕਬੀਰ ਨਗਰ ਮੁਹੱਲਾ ਨਿਊ ਅਮਨ ਨਗਰ, ਲੁਧਿਆਣਾ, ਰਾਜਵੀਰ ਗਿੱਲ ਵਾਸੀ ਲੁਧਿਆਣਾ ਅਤੇ ਜਪਨੀਤ ਸਿੰਘ ਉਰਫ ਜਪ ਵਾਸੀ ਪਿੰਡ ਸਰੀਂਹ ਥਾਣਾ ਡੇਹਲੋਂ ਜਿਲ੍ਹਾ ਲੁਧਿਆਣਾ ਦੇ ਤੌਰ ‘ਤੇ ਹੋਈ ਹੈ। ਇਨ੍ਹਾਂ 4 ਮੁਲਜ਼ਮਾਂ ਕੋਲੋਂ 5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ। ਫੜੇ ਗਏ ਮੁਲਜ਼ਮਾਂ ਖਿਲਾਫ ਪਹਿਲਾਂ ਤੋਂ ਹੀ ਕਾਫੀ ਮਾਮਲੇ ਦਰਜ ਹਨ।
ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਪੁਲਿਸ ਵਲੋਂ 5 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਤੇ ਅਦਾਲਤ ਵਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ। ਪੁਲਿਸ ਟੀਮ ਵਲੋਂ ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ। ਜਲਦੀ ਹੀ ਇਨ੍ਹਾਂ ਨਾਲ ਜੁੜੇ ਹੋਰ ਮੁਲਜ਼ਮਾਂ ਦਾ ਵੀ ਪਤਾ ਲਗਾ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।