Punjab Police seizes : ਫਿਰੋਜ਼ਪੁਰ : ਸੂਬੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਗਲਤ ਅਨਸਰਾਂ ਖਿਲਾਫ ਪੰਜਾਬ ਪੁਲਿਸ ਵੱਲੋਂ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸੇ ਅਧੀਨ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਕਾਫੀ ਦੇਰ ਤੋਂ ਗਰਮਾਇਆ ਹੋਇਆ ਹੈ ਕਿਉਂਕਿ ਇਸ ਕਾਰਨ ਸੂਬੇ ਵਿੱਚ 100 ਤੋਂ ਵੀ ਵੱਧ ਲੋਕਾਂ ਦੀ ਜਾਨ ਚਲੀ ਗਈ। ਪੰਜਾਬ ਪੁਲਿਸ ਨੇ ਪਿਛਲੇ ਕੁਝ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਅਨਸਰ ਕਾਬੂ ਕੀਤੇ ਗਏ ਹਨ ਜੋ ਜ਼ਹਿਰੀਲੀ ਸ਼ਰਾਬ ਬਣਾਉਂਦੇ ਹਨ।
ਅੱਜ ਜਿਲ੍ਹਾ ਫਿਰੋਜ਼ਪੁਰ ਵਿਖੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਥੇ ਡੀ. ਐੱਸ. ਪੀ. ਕੇਸਰ ਸਿੰਘ ਦੀ ਅਗਵਾਈ ਵਿੱਚ ਸਤਲੁਜ ਦਰਿਆ ਦੇ ਨੇੜੇ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਅਲੀ ਵਿਖੇ ਛਾਪਾ ਮਾਰਿਆ ਗਿਆ ਤੇ ਪੁਲਿਸ ਵਲੋਂ ਉਥੇ ਨਾਜਾਇਜ਼ ਸ਼ਰਾਬ ਤੇ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕੇਸਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਅਧੀਨ ਉਨ੍ਹਾਂ ਨੇ ਸਤਲੁਜ ਦਰਿਆ ਨੇੜੇ ਲੱਗਦੇ ਪਿੰਡ ਅਲੀ ਵਿਖੇ ਛਾਪਾ ਮਾਰਿਆ।
ਇਸ ਮੁਹਿੰਮ ਵਿੱਚ ਉਨ੍ਹਾਂ ਨਾਲ ਲਗਭਗ 80 ਪੁਲਿਸ ਮੁਲਾਜ਼ਮ ਸ਼ਾਮਲ ਸਨ। ਮੌਕੇ ਤੋਂ ਪੁਲਿਸ ਨੂੰ 25 ਤਰਪਾਲਾਂ, 60 ਹਜ਼ਾਰ ਲੀਟਰ ਲਾਹਣ ਅਤੇ ਵੱਡੀਆਂ ਤਿੰਨ ਟਿਊਬਾਂ ਜਿਨ੍ਹਾਂ ਵਿੱਚ ਲਗਭਗ 600 ਬੋਤਲਾਂ ਸ਼ਰਾਬ ਦੀਆਂ ਮਿਲੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਫੜੀ ਗਈ ਲਾਹਣੇ ਤੇ ਗੈਰ-ਕਾਨੂੰਨੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਨੇ ਦੱਸਿਆ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।