Punjab Roadways employees : ਜਲੰਧਰ : ਸਿਵਲ ਹਸਪਤਾਲ ਤੇ ਹੋਰ ਸਰਕਾਰੀ ਸਿਹਤ ਕੇਂਦਰਾਂ ‘ਚ ਕੋਰੋਨਾ ਟੈਸਟਿੰਗ ਲਈ ਇਕੱਠੀ ਹੋ ਰਹੀ ਭੀੜ ਦਾ ਨਤੀਜਾ ਹੈ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਆਪਣਾ ਕੋਰੋਨਾ ਟੈਸਟ ਨਹੀਂ ਕਰਵਾ ਸਕੇ ਸਨ। ਪੰਜਾਬ ਰੋਡਵੇਜ਼ ਜਲੰਧਰ ਦੇ ਮੁਲਾਜ਼ਮ ਬੀਤੇ ਇੱਕ ਹਫਤੇ ਤੋਂ ਆਪਣਾ ਕੋਰੋਨਾ ਟੈਸਟ ਕਰਵਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਨ।
ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਵੱਲੋਂ ਮੁਲਾਜ਼ਮਾਂ ਦਾ ਪੰਜਾਬ ਰੋਡਵੇਜ਼ ਵਰਕਸ਼ਾਪ ‘ਚ ਕੋਰੋਨਾ ਟੈਸਟ ਕਰਵਾਏ ਜਾਣ ਸਬੰਧੀ ਸਿਹਤ ਵਿਭਾਗ ਨੂੰ ਲਿਖਿਆ ਵੀ ਜਾ ਚੁੱਕਾ ਹੈ ਪਰ ਹੁਣ ਤਕ ਵੀ ਟੈਸਟਿੰਗ ਸ਼ੁਰੂ ਨਹੀਂ ਹੋ ਸਕੀ ਹੈ। ਜਲੰਧਰ ‘ਚ ਪੰਜਾਬ ਰੋਡਵੇਜ਼ ਦੇ ਦੋ ਡਿਪੂ ਮੌਜੂਦ ਹਨ। ਇਨ੍ਹਾਂ ਦੋਵੇਂ ਡਿਪੂਆਂ ‘ਚ ਡਰਾਈਵਰ ਕੰਡਕਟਰ ਤੋਂ ਇਲਾਵਾ ਵਰਕਸ਼ਾਪ ਸਟਾਫ ਤੇ ਕਾਰਜਕਾਰੀ ਸਟਾਫ ਵੀ ਕੰਮ ਕਰ ਰਿਹਾ ਹੈ।
ਭਾਰੀ ਗਿਣਤੀ ‘ਚ ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਪੰਜਾਬ ਰੋਡਵੇਜ਼ ਮੁੱਖ ਦਫਤਰ ਵੱਲੋਂ ਸੂਬੇ ‘ਚ ਸਥਿਤ ਆਪਣੇ ਸਾਰੇ 18 ਡਿਪੂਆਂ ‘ਚ ਕੰਮ ਕਰ ਰਹੇ ਮੁਲਾਜ਼ਮਾੰ ਦੀ ਕੋਰੋਨਾ ਟੈਸਟਿੰਗ ਨੂੰ ਨਿਸ਼ਚਿਤ ਬਣਾਏ ਜਾਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਸ਼ੁੱਕਰਵਾਰ ਤੱਕ ਪੰਜਾਬ ਰੋਡਵੇਜ਼ ਬਟਾਲਾ ਤੇ ਮੁਕਤਸਰ ਸਾਹਿਬ ਡਿਪੂ ‘ਚ ਕਰਵਾਏ ਕੋਰੋਨਾ ਟੈਸਟਾਂ ‘ਚ ਭਾਰੀ ਗਿਣਤੀ ‘ਚ ਮੁਲਾਜ਼ਮ ਪਾਜੀਟਿਵ ਪਾਏ ਗਏ। ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਕਿ ਸੰਭਵ ਤੌਰ ‘ਤੇ ਸਰਕਾਰੀ ਸਿਹਤ ਕੇਂਦਰਾਂ ‘ਚ ਭੀੜ ਕਾਰਨ ਹੁਣ ਤਕ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਟੈਸਟਿੰਗ ਲਈ ਟੀਮ ਉਪਲਬਧ ਨਹੀਂ ਹੋ ਸਕੀ ਹੈ।