Punjab Sanitation Workers : ਮੋਹਾਲੀ : ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਐੱਸ. ਏ. ਐੱਸ. ਨਗਰ ਇਕਾਈ ਵਲੋਂ ਅੱਜ ਮੋਹਾਲੀ ਦੇ ਫੇਜ਼-6 ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਮਜ਼ਦੂਰ ਨੇਤਾਵਾਂ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਜੋ ਕਈ-ਕਈ ਸਾਲਾਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪੱਕ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਜੋ ਭੱਤੇ ਮਿਲਣੇ ਚਾਹੀਦੇ ਹਨ ਉਹ ਸਰਕਾਰ ਵਲੋਂ ਨਹੀਂ ਦਿੱਤੇ ਜਾ ਰਹੇ ਹਨ।
ਮਜ਼ਦੂਰ ਨੇਤਾ ਸੱਜਣ ਸਿੰਘ ਨੇ ਕਿਹਾ ਕਿ ਆਉਣ ਵਾਲੀ 18 ਅਗਸਤ ਨੂੰ ਪੂਰੇ ਪੰਜਾਬ ‘ਚ ਮਜ਼ਦੂਰਾਂ ਵਲੋਂ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਵਿਚ ਮੁਲਾਜ਼ਮਾਂ ਦੀਆਂ ਕਈ ਹੋਰ ਜਥੇਬੰਦੀਆਂ ਸ਼ਾਮਲ ਹੋਣਗੀਆਂ ਤੇ ਫਿਰ ਸਰਕਾਰ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ।
ਫੇਜ਼-6 ‘ਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਣ ਨੂੰ ਲੈ ਕੇ ਪੁਤਲਾ ਸਾੜਿਆ ਗਿਆ। ਇਸ ਮੌਕੇ ਕਾਫੀ ਵੱਡੀ ਗਿਣਤੀ ਵਿਚ ਪੁਲਿਸ ਦੇ ਕਮਾਂਡੋ ਤੇ ਜਵਾਨਾਂ ਨੂੰ ਲਗਾਇਆ ਗਿਆ ਸੀ। ਮਜ਼ਦੂਰਾਂ ਨੇ ਪੁਤਲਾ ਸਾੜਨ ਤੋਂ ਪਹਿਲਾਂ ਸਰਕਾਰ ਖਿਲਾਫ ਨਾਅਰੇ ਲਗਾਏ। ਉਨ੍ਹਾਂ ਮੰਗ ਕੀਤੀ ਕਿ ਜਲਦ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾਵੇ।