Punjab Wins First : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ, ਪਿਛਲੇ ਪੰਜ ਮਹੀਨਿਆਂ ਵਿੱਚ ਸੂਬੇ ਭਰ ਦੇ ਸਿਹਤ ਕੇਂਦਰਾਂ ਵਿੱਚ 28.1 ਲੱਖ ਮਰੀਜ਼ ਪਹੁੰਚੇ। ਇਨ੍ਹਾਂ ਕੇਂਦਰਾਂ ਵਿਖੇ ਓਪੀਡੀ ਸੇਵਾਵਾਂ, ਆਰਸੀਐਚ ਸੇਵਾਵਾਂ, ਸੰਕਰਮਿਤ ਅਤੇ ਗੈਰ-ਸੰਕਰਮਿਤ ਰੋਗਾਂ ਦੀ ਰੋਕਥਾਮ ਅਤੇ ਇਲਾਜ ਸੰਬੰਧੀ ਕਲੀਨਿਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸੇਵਾਵਾਂ ਸਿਹਤ ਕੇਂਦਰਾਂ ਵਿਖੇ ਕਮਿਊਨਿਟੀ ਹੈਲਥ ਅਫ਼ਸਰ (ਸੀਐਚਓ) ਸਮੇਤ ਮਲਟੀ-ਪਰਪਜ਼ ਕਰਮਚਾਰੀ (ਪੁਰਸ਼ ਅਤੇ ਮਹਿਲਾ) ਅਤੇ ਆਸ਼ਾ ਵਲੋਂ ਦਿੱਤੀਆਂ ਜਾਂਦੀਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਸੂਬੇ ਵਿੱਚ 2042 ਸਿਹਤ ਕੇਂਦਰ ਚੱਲ ਰਹੇ ਹਨ। ਇਨ੍ਹਾਂ ਕੇਂਦਰਾਂ ਵਿੱਚ ਕੁੱਲ 1600 ਕਮਿਊਨਿਟੀ ਸਿਹਤ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਜਲਦ ਹੀ ਸਿਹਤ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਜਾਵੇਗਾ। ਸਿਹਤ ਕੇਂਦਰਾਂ ਦੀਆਂ ਟੀਮਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤ ਕੇਂਦਰਾਂ ਦੇ ਸਟਾਫ਼ ਵੱਲੋਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਵੀ ਲਏ ਜਾ ਰਹੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਘਰਾਂ ਵਿਚ ਸਵੈ-ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ, ਸਿਹਤ ਕੇਂਦਰ ਦੀਆਂ ਟੀਮਾਂ ਵੱਲੋਂ ਲੱਛਣਾਂ ਦਾ ਪਤਾ ਲਗਾਉਣ ਅਤੇ ਇਹ ਵੇਖਣ ਲਈ ਕਿ ਲੋਕ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਘਰਾਂ ਦਾ ਦੌਰਾ ਕੀਤਾ ਜਾਂਦਾ ਹੈ। ਸਿਹਤ ਟੀਮਾਂ ਕੋਲ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਟ੍ਰੇਸਿੰਗ ਦੀ ਵੀ ਜ਼ਿੰਮੇਵਾਰੀ ਹੈ।
ਚੰਡੀਗੜ੍ਹ ਵਿਚ 4 ਮੈਡੀਕਲ ਅਫ਼ਸਰਾਂ ਵਾਲਾ ਇਕ ਟੈਲੀਮੀਡੀਸਨ ਹੱਬ ਸਥਾਪਿਤ ਕੀਤਾ ਗਿਆ ਹੈ। ਹੱਬ ਦਾ ਮੈਡੀਕਲ ਅਫਸਰ ਮਰੀਜ਼ ਦੀ ਵਰਚੁਅਲ ਪਲੇਟਫਾਰਮ ਰਾਹੀਂ ਜਾਂਚ ਕਰਦਾ ਹੈ ਅਤੇ ਲੱਛਣਾਂ ਅਨੁਸਾਰ ਦਵਾਈਆਂ ਦੀ ਸਲਾਹ ਦਿੰਦਾ ਹੈ। ਕਮਿਊਨਿਟੀ ਸਿਹਤ ਅਧਿਕਾਰੀ ਫਿਰ ਈ-ਸੰਜੀਵਨੀ ਦੁਆਰਾ ਪ੍ਰਾਪਤ ਕੀਤੇ ਨੁਸਖੇ ਦੇ ਅਧਾਰ ‘ਤੇ ਮਰੀਜ਼ਾਂ ਨੂੰ ਦਵਾਈਆਂ ਭੇਜਦਾ ਹੈ। ਹੁਣ ਤਕ, ਲਗਭਗ 5000 ਟੈਲੀਕੰਸਲਟੇਸ਼ਨਸ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਵਿੱਚ, 6.8 ਲੱਖ ਮਰੀਜ਼ਾਂ ਦੀ ਹਾਈਪਰਟੈਨਸ਼ਨ ਲਈ, 4 ਲੱਖ ਮਰੀਜ਼ਾਂ ਦੀ ਸ਼ੂਗਰ ਲਈ ਅਤੇ 6 ਲੱਖ ਮਰੀਜ਼ਾਂ ਦੀ ਮੂੰਹ, ਛਾਤੀ ਜਾਂ ਬੱਚੇਦਾਨੀ ਦੇ ਕੈਂਸਰ ਲਈ ਸਿਹਤ ਕੇਂਦਰਾਂ ਵਿਖੇ ਜਾਂਚ ਕੀਤੀ ਗਈ।