Railway gates closed : ਬਰਨਾਲਾ : ਭਾਰਤੀ ਰੇਲਵੇ ਡਵੀਜ਼ਨ ਅੰਬਾਲਾ ਵੱਲੋਂ ਬਠਿੰਡਾ ਤੋਂ ਅੰਬਾਲਾ ਡਬਲ ਲਾਈਨ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਰਸਤੇ ਨੂੰ 2022 ਤੱਕ ਡਬਲ ਲਾਈਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਇਸ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਰੇਲਵੇ ਨੇ ਟਰੈਕ ਵਿਛਾਉਣ ਲਈ ਕਚਹਿਰੀ ਚੌਕ ਰੇਲਵੇ ਫਾਟਕ ਤੋਂ ਧਨੌਲਾ ਰੋਡ ਰੇਲਵੇ ਫਾਟਕ ਤੱਕ ਡਬਲ ਟਰੈਕ ਵਿਛਾਉਣ ਲਈ ਜ਼ਮੀਨ ਨੂੰ ਪੱਧਰਾ ਕਰ ਦਿੱਤਾ ਹੈ। ਰੇਲਵੇ ਟਰੈਕ ਨੂੰ ਡਬਲ ਕਰਨ ਦੇ ਕੰਮ ਕਾਰਨ ਰੇਲਵੇ ਸਟੇਸ਼ਨ ਬਰਨਾਲਾ ਵੱਲੋਂ ਸਟੇਸ਼ਨ ਅਧੀਨ ਆਉਣ ਵਾਲੇ ਐੱਸ. ਡੀ. ਕਾਲਜ ਰੇਲਵੇ ਫਾਟਕ ਨੂੰ 19 ਸਤੰਬਰ ਤੋਂ 22 ਸਤੰਬਰ ਤਕ ਮੁਕੰਮਲ ਤੌਰ ‘ਤੇ ਟਰੈਕ ਦੀ ਰਿਪੇਅਰ ਕਾਰਨ ਬੰਦ ਕੀਤਾ ਗਿਆ ਹੈ। ਟਰੈਕ ਦਾ ਕੰਮ ਹੋਣ ਤੋਂ ਬਾਅਦ 23 ਸਤੰਬਰ ਨੂੰ ਐੱਸ. ਡੀ. ਕਾਲਜ ਰੇਲਵੇ ਫਾਟਕ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾਵੇਗਾ।
ਅੰਬਾਲਾ ਰੇਲ ਮੰਡਲ ਦੇ ਡੀ. ਆਰ. ਐੱਮ. ਜੀ. ਐੱਮ. ਸਿੰਘ ਦਾ ਕਹਿਣਾ ਹੈ ਕਿ ਡਬਲ ਟਰੈਕ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਹੁਣ ਪੁਰਾਣੇ ਟਰੈਕ ਦੀ ਰਿਪੇਅਰ ਵੀ ਕੀਤੀ ਜਾ ਰਹੀ ਹੈ। ਇਸ ਲਈ ਫਾਟਕ ਬੰਦ ਹੋਣਗੇ। ਸੀਨੀਅਰ ਡਵੀਜ਼ਨਲ ਇੰਜੀਨੀਅਰ ਰਾਜਿੰਦਰ ਗਰਗ ਨੇ ਦੱਸਿਆ ਕਿ ਕਚਹਿਰੀ ਚੌਕ ਰੇਲਵੇ ਫਾਟਕ ਤੋਂ ਐੱਸ. ਡੀ. ਕਾਲਜ ਰੇਲਵੇ ਫਾਟਕ ਤੱਕ ਟਰੈਕ ਖਰਾਬ ਹੋਣ ਕਾਰਨ ਰਿਪੇਅਰ ਕੀਤੀ ਜਾ ਰਹੀ ਹੈ ਤੇ ਟਰੈਕ ਬਦਲਿਆ ਜਾ ਰਿਹਾ ਹੈ। ਇਸ ਲਈ ਫਾਟਕ ਨੰਬਰ 92 ਬੰਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਰੇਲਵੇ ਵੱਲੋਂ ਆਰ. ਓ. ਬੀ. ਬਣਾਇਆ ਹੈ, ਫਾਟਕ ਬੰਦ ਦੌਰਾਨ 23 ਸਤੰਬਰ ਤੱਕ ਆਰ. ਓ. ਬੀ. ਦਾ ਇਸਤੇਮਾਲ ਕਰਨ।