Registered Private Hospitals : ਮੋਹਾਲੀ : ਜਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਰਜਿਸਟਰਡ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਤੇ ਲੈਬਾਂ ਨੂੰ ਰੈਪਿਡ ਐਂਟੀਜਨ ਟੈਸਟਿੰਗ ਦੀ ਇਜਾਜ਼ਤ ਦਿੱਤੀ ਹੈ। ਡੀ. ਸੀ. ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਕਿੱਟ ਸਿਹਤ ਵਿਭਾਗ ਕੋਲ ਰਜਿਸਟਰਡ ਹੋਈਆਂ ਸਿਹਤ ਸੰਸਥਾਵਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਉਥੇ ਉਕਤ ਸੰਸਥਾਵਾਂ ਵੱਲੋਂ ਟੈਸਟ ਲਈ ਮਰੀਜ਼ਾਂ ਤੋਂ 250 ਰੁਪਏ ਲਏ ਜਾ ਸਕਣਗੇ। ਵਿਭਾਗ ਨੇ ਤੈਅ ਕੀਤਾ ਹੈ ਕਿ ਹਸਪਤਾਲ, ਲੈਬ ਕੋਲ ਕੋਰੋਨਾ ਸ਼ੱਕੀ ਮਰੀਜ਼ਾਂ ਲਈ ਵੱਖਰੀ ਥਾਂ ਹੋਣੀ ਚਾਹੀਦੀ ਹੈ।
ਸੈਂਪਲ ਲੈਂਦੇ ਸਮੇਂ ਨਿੱਜੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ। ਇਨ੍ਹਾਂ ਸੰਸਥਾਵਾਂ ਕੋਲ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਮੁਕੰਮਲ ਪ੍ਰਬੰਧ ਵੀ ਜ਼ਰੂਰੀ ਕੀਤੇ ਗਏ ਹਨ। ਡੀ. ਸੀ. ਨੇ ਦੱਸਿਆ ਕਿ ਰੈਪਿਡ ਐਂਟੀਜਨ ਟੈਸਟ ਲਈ ਸਾਰੇ ਨਤੀਜਿਆਂ ਨੂੰ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ ਆਈਡੀ ਮੁਤਾਬਕ ICMR ਦੇ ਪੋਰਟਲ ‘ਤੇ ਦਰਜ ਕੀਤਾ ਜਾਵੇਗਾ। ਪ੍ਰਾਈਵੇਟ ਸੰਸਥਾਵਾਂ ਨੂੰ ਮਰੀਜ਼ਾਂ ਦੇ ਰਿਕਾਰਡ ਦੀ ਚੰਗੀ ਤਰ੍ਹਾਂ ਸੰਭਾਲ ਕਰਨੀ ਹੋਵੇਗੀ। ਮੋਹਾਲੀ ‘ਚ 5000 ਤੋਂ ਵੱਧ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ ਜਦੋਂ ਕਿ ਲਗਭਗ 116 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਮੋਹਾਲੀ ‘ਚ ਕੋਰੋਨਾ ਦੇ 191 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇੱਕ ਦੀ ਮੌਤ ਹੋ ਗਈ। ਦੂਜੇ ਪਾਸੇ ਜਿਲ੍ਹੇ ‘ਚ 293 ਮਰੀਜ਼ ਠੀਕ ਹੋਣ ਤੋਂ ਬਾਅਦ ਡਿਸਚਰਾਜ ਵੀ ਕੀਤੇ ਗਏ ਸਨ। ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਕਈ ਮਹੱਤਵਪੂਰਨ ਕਦਮ ਵੀ ਚੁੱਕ ਰਹੀ ਹੈ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ‘ਤੇ ਸਰਕਾਰ ਵੱਲੋਂ ਲੋਕਡਾਊਨ ‘ਚ ਦਿੱਤੀ ਜਾ ਰਹੀ ਢਿੱਲ ਕਾਰਨ ਲੋਕਾਂ ‘ਚ ਇਸ ਸਮੇਂ ਕੋਰੋਨਾ ਦਾ ਕੋਈ ਡਰ ਨਹੀਂ ਰਿਹਾ। ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਕੋਈ ਪਾਲਣ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ।