Sadhu Singh Dharamsot : ਪੰਜਾਬ ਸਕਾਲਰਸ਼ਿਪ ਘਪਲੇ ‘ਚ ਸ਼ੱਕੀ ਭੂਮਿਕਾ ਵਾਲੇ ਸਮਾਜਿਕ, ਨਿਆਂ, ਅਧਿਕਾਰਤਾ ਤੇ ਘੱਟ-ਗਿਣਤੀ ਵਿਭਾਗ ਦੇ ਸੀਨੀਅਰ ਸਹਾਇਕ ਦਾ ਤਬਾਦਲਾ ਰੁਕਵਾਉਣ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜੁੱਟ ਗਏ ਹਨ। ਇਸ ਸੀਨੀਅਰ ਸਹਾਇਕ ਦਾ ਤਬਾਦਲਾ ਫਾਜ਼ਿਲਕਾ ਕੀਤਾ ਗਿਆ ਹੈ ਜਿਸ ਨੂੰ ਰੁਕਵਾਉਣ ਲਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਧਿਕਾਰੀਆਂ ਨੂੰ ਚਿੱਠੀ ਵੀ ਲਿਖੀ ਹੈ।
ਚਿੱਠੀ ਦੇ ਜਵਾਬ ‘ਚ ਵਿਭਾਗ ਨੇ ਕਿਹਾ ਹੈ ਕਿ ਕਾਰਮਿਕ ਵਿਭਾਗ ਵੱਲੋਂ ਤਬਾਦਲੇ ਕਰਨ ਦੀ ਅੰਤਿਮ ਤਰੀਕ 31 ਅਗਸਤ ਤੱਕ ਰੱਖੀ ਗਈ ਸੀ ਜਦੋਂ ਕਿ ਮੰਤਰੀ ਨੇ 4 ਸਤੰਬਰ ਨੂੰ ਪੱਤਰ ਲਿਖਿਆ ਹੈ। ਨਿਯਮ ਅਨੁਸਾਰ ਜੇਕਰ ਤਬਾਦਲੇ ਰੋਕਣੇ ਹਨ ਤਾਂ ਨਵੇਂ ਸਿਰੇ ਤੋਂ ਸਿਫਾਰਸ਼ ਕਰਨੀ ਹੋਵੇਗੀ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਜਾਵੇਗੀ ਕਿਉਂਕਿ ਤੈਅ ਸਮੇਂ ਤੋਂ ਬਾਅਦ ਜੇਕਰ ਤਬਾਦਲੇ ਕਰਨ ਜਾਂ ਰੋਕਣ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੈ। ਮੰਤਰੀ ਨੇ ਵਿਭਾਗ ਦੇ ਜਿਸ ਸੀਨੀਅਰ ਸਹਾਇਕ ਰਾਕੇਸ਼ ਅਰੋੜਾ ਦਾ ਤਬਾਦਲਾ ਰੋਕਣ ਲਈ ਪੱਤਰ ਲਿਖਿਆ ਹੈ ਉਸ ਨੂੰ ਘਪਲੇ ਨੂੰ ਲੈ ਕੇ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਅਰੋੜਾ ਮੋਹਾਲੀ ‘ਚ ਅੰਬੇਡਕਰ ਸੰਸਥਾ ‘ਚ ਆਪਣੀ ਸੇਵਾਵਾਂ ਦੇ ਰਹੇ ਸਨ। ਉਥੇ ਦਰਜਾ ਚਾਰ ਮੁਲਾਜ਼ਮ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਿੱਤੀ ਸੀ ਕਿ ਜਿਸ ਤੋਂ ਬਾਅਦ ਵਿਭਾਗ ਨੇ ਅਰੋੜਾ ਦੀ ਟ੍ਰਾਂਸਫਰ ਫਾਜ਼ਿਲਕਾ ਕਰ ਦਿੱਤੀ ਸੀ।
ਸੂਤਰਾਂ ਮੁਤਾਬਕ 2019 ‘ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ‘ਚ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਉਦੋਂ ਵੀ ਅਰੋੜਾ ਦਾ ਨਾਂ ਸਾਹਮਣੇ ਆਇਆ ਸੀ। ਹੁਣ ਮੰਤਰੀ ਧਰਮਸੋਤ ਵੱਲੋਂ ਅਰੋੜਾ ਦਾ ਤਬਾਦਲਾ ਰੋਕਣ ਲਈ ਲਿਖੇ ਪੱਤਰ ਤੋਂ ਬਾਅਦ ਇਹ ਮਾਮਲਾ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਜਿਸ ਸਮੇਂ ਘਪਲਾ ਹੋਇਆ ਉਦੋਂ ਅਰੋੜਾ ਪੋਸਟ ਮੈਟ੍ਰਿਕ ਦਾ ਕੰਮ ਦੇਖ ਰਹੇ ਸਨ। ਇਸੇ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਤਬਾਦਲਾ ਰੋਕਣ ਦੀ ਕੋਈ ਸਿਫਾਰਸ਼ ਮੇਰੇ ਧਿਆਨ ‘ਚ ਨਹੀਂ ਹੈ ਤੇ ਜੇਕਰ ਮੈਂ ਕੀਤੀ ਵੀ ਹੋਵੇਗੀ ਤਾਂ ਕਿਸੇ ਵਿਧਾਇਕ ਦੀ ਸਿਫਾਰਸ਼ ਆਈ ਹੋਵੇਗੀ। ਵਿਧਾਇਕ ਦੀ ਸਿਫਾਰਸ਼ ਆਉਣ ਤੋਂ ਬਾਅਦ ਹੀ ਪੱਤਰ ਲਿਖਿਆ ਜਾਂਦਾ ਹੈ। ਹੁਣ ਵਿਭਾਗ ਨੂੰ ਦੇਖਣਾ ਹੈ ਕਿ ਕਿਸ ਦੀ ਟ੍ਰਾਂਸਫਰ ਕਰਨੀ ਹੈ ਤੇ ਕਿਸ ਦੀ ਨਹੀਂ।