Separate labor rooms : ਕੋਰੋਨਾ ਵਾਇਰਸ ਸੂਬੇ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਗਰਭਵਤੀ ਔਰਤਾਂ ਵੀ ਇਸ ਵਾਇਰਸ ਦੀ ਪਕੜ ਵਿਚ ਆ ਗਈਆਂ ਹਨ। ਗਰਭਵਤੀ ਔਰਤਾਂ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵਲੋਂ ਪਾਜੀਟਿਵ ਪਾਈ ਜਾਣ ਵਾਲੀਆਂ ਗਰਭਵਤੀ ਔਰਤਾਂ ਦੀ ਸੁਰੱਖਿਅਤ ਡਲਿਵਰੀ ਲਈ ਸਾਰੇ ਜਿਲ੍ਹਾ ਹਸਪਤਾਲਾਂ ਵਿਚ ਵੱਖਰੇ ਲੇਬਰ ਰੂਮ ਸਥਾਪਤ ਕੀਤੇ ਗਏ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗਰਭਵਤੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗਰਭ ਅਵਸਥਾ ਦੀ ਤੀਜੀ ਤਿਮਾਹੀ ਦੌਰਾਨ ਕੋਵਿਡ ਟੈਸਟ ਜ਼ਰੂਰੀ ਕੀਤਾ ਗਿਆ ਹੈ।
ਅਪ੍ਰੈਲ ਮਹੀਨੇ ਤਕ12479 ਗਰਭਵਤੀ ਔਰਤਾਂ ਦੇ ਕੋਵਿਡ ਟੈਸਟ ਕੀਤੇ ਗਏ ਜਿਨ੍ਹਾਂ ਵਿਚ ਲਗਭਗ 118 ਔਰਤਾਂ ਕੋਰੋਨਾ ਪਾਜੀਟਿਵ ਪਾਈਆਂ ਗਈਆਂ। ਇਸੇ ਤਰ੍ਹਾਂ ਜਿਲ੍ਹਾ ਪਟਿਆਲਾ ਵਿਚ ਵੀ ਗਰਭਵਤੀ ਔਰਤਾਂ ਦੇ 1715 ਟੈਸਟ ਕਰਵਾਏ ਗਏ ਜਿਨ੍ਹਾਂ ਵਿਚੋਂ 61 ਔਰਤਾਂ ਪਾਜੀਟਿਵ ਪਾਈਆਂ ਗਈਆਂ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵੱਖਰੇ ਲੇਬਰ ਰੂਮ ਸਥਾਪਤ ਕਰਨ ਤੋਂ ਇਲਾਵਾ ਸਿਵਲ ਸਰਜਨਾਂ ਨੂੰ ਇਸ ਸਬੰਧੀਜਾਰੀ ਕੀਤੀ ਗਏ ਐੱਸ.ਓ. ਪੀਜ਼. ਅਨੁਸਾਰ ਜਿਲ੍ਹਾ ਹਸਪਤਾਲਾਂ ਵਿਚ ਇੰਫੈਕਟਿਡ ਮਰੀਜ਼ਾਂ ਲਈ ਆਪ੍ਰੇਸ਼ਨ ਥੀਏਟਰ ਸਥਾਪਤ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੀਆਂ ਸਮੁੱਚੀਆਂ ਟੀਮਾਂ ਕਲੀਨਿਕਲ ਪ੍ਰਬੰਧ, ਸਕਰੀਨਿੰਗ ਤੇ ਟੈਸਟਿੰਗ ਆਦਿ ਜ਼ਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਸੂਬਾ ਸਰਕਾਰ ਨੇ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਲਿਆ ਜਾਣ ਵਾਲਾ ਖਰਚਾ ਵੀ ਨਿਰਧਾਰਤ ਕਰ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਪ੍ਰਸ਼ਾਸਨਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨਾ ਹੈ ਤੇ ਮਾਸਕ ਪਹਿਨਣਾ ਯਕੀਨੀ ਬਣਾਉਂਦਾ ਹੈ ਤਾਂ ਹੀ ਇਸ ਖਤਰਨਾਕ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕੇਗਾ।