Sikh family from : ਅਫਗਾਨਿਸਤਾਨ ਤੋਂ ਭਾਰਤ ਆਏ ਕੁਝ ਸਿੱਖ ਪਰਿਵਾਰਾਂ ਨੂੰ ਅੱਜ ਵੀ ਭਾਰਤੀ ਨਾਗਰਿਕਤਾ ਦਾ ਇੰਤਜ਼ਾਰ ਹੈ। ਅਫਗਾਨਿਸਤਾਨ ਤੋਂ ਆਏ ਕੁਝ ਸਿੱਖ ਪਰਿਵਾਰ ਪੰਜਾਬ ਦੇ ਅੰਮ੍ਰਿਤਸਰ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਾਗਰਿਕਤਾ ਦੀ ਮੰਗ ਕੀਤੀ ਹੈ। ਅਫਗਾਨਿਸਤਾਨ ਤੋਂ ਆਏ ਸੁਖਬੀਰ ਸਿੰਘ ਨੇ ਕਿਹਾ ਕਿ ਅਸੀਂ 1992 ‘ਚ ਭਾਰਤ ਆਏ ਸੀ ਉਦੋਂ ਤੋਂ ਇਥੇ ਰਹਿਣ ਲਈ ਆਪਣੇ ਵੀਜ਼ੇ ਦਾ ਨਵੀਨੀਕਰਨ ਕਰਵਾਉਣਾ ਪੈਂਦਾ ਹੈ ਪਰ ਕੋਰੋਨਾ ਦੀ ਵਜ੍ਹਾ ਕਾਰਨ ਇਹ ਪ੍ਰਕਿਰਿਆ ਕਰਨਾ ਮੁਸ਼ਕਲ ਹੈ। ਇਸ ਲਈ PM ਨਰਿੰਦਰ ਮੋਦੀ ਤੋਂ ਨਾਗਰਿਕਤਾ ਦੇਣ ਦੀ ਅਪੀਲ ਕਰਦੇ ਹਾਂ।
ਹੁਣੇ ਜਿਹੇ ਅਫਗਾਨਿਸਤਾਨ ਵਿਚ ਰਹਿਣ ਵਾਲੇ ਨਿਦਾਨ ਸਿੰਘ ਦਾ ਇਕ ਮਹੀਨੇ ਪਹਿਲਾਂ ਤਾਲਿਬਾਨੀਆਂ ਨੇ ਅਗਵਾ ਕਰ ਲਿਆ ਸੀ ਤੇ ਫਿਰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਐਤਵਾਰ ਨੂੰ ਨਿਦਾਨ ਸਿੰਘ ਸਮੇਤ 11 ਸਿੱਖ ਅਫਗਾਨਿਸਤਾਨ ਤੋਂ ਭਾਰਤ ਪਹੁੰਚੇ। ਉਨ੍ਹਾਂ ਨੂੰ ਖਾਸ ਜਹਾਜ਼ ਰਾਹੀਂ ਕਾਬੁਲ ਤੋਂ ਦਿੱਲੀ ਲਿਆਂਦਾ ਗਿਆ। ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਪਹੁੰਚਣ ‘ਤੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਅਫਗਾਨਿਸਤਾਨ ਤੋਂ ਲਗਾਤਾਰ ਹਿੰਦੂ ਤੇ ਸਿੱਖਾਂ ਦਾ ਪਲਾਇਨ ਜਾਰੀ ਹੈ ਪਰ ਇਹ ਲੋਕ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ।
ਅਫਗਾਨਿਸਤਾਨ ‘ਚ ਸਿੱਖ ਕਾਫੀ ਲੰਬੇ ਸਮੇਂ ਤੋਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਕਾਬੁਲ ਦੇ ਗੁਰਦੁਆਰੇ ‘ਚ ਹੋਏ ਅੱਤਵਾਦੀ ਹਮਲੇ ‘ਚ 25 ਸਿੱਖਾਂ ਦੀ ਮੌਤ ਹੋਈ ਸੀ। ਅਫਗਾਨਿਸਤਾਨ ‘ਚ ਸਿੱਖ ਲੜਕੀਆਂ ਦਾ ਜ਼ਬਰਦਸਤੀ ਵਿਆਹ ਕਰਾਏ ਜਾਣ ਦੇ ਮਾਮਲੇ ਵੀ ਸਾਹਮਣੇ ਆਏ। ਕਾਬੁਲ ਦੇ ਸਿੱਖ ਫਿਰਕੇ ਦੇ ਨੇਤਾ ਚਾਬੁਲ ਸਿੰਘ ਨੇ ਦੱਸਿਆ ਕਿ ਸਾਨੂੰ 11 ਲੋਕਾਂ ਨੂੰ 6 ਮਹੀਨੇ ਲਈ ਵੀਜ਼ਾ ਮਿਲਿਆ ਹੈ। ਅਗਵਾ ਦੌਰਾਨ ਦਿੱਤੇ ਗਏ ਤਸੀਹੇ ਤੋਂ ਬਾਅਦ ਉਹ ਕਾਫੀ ਬੀਮਾਰ ਹਨ।ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਵੀਜ਼ਾ ਮਿਲਿਆ ਹੈ।