Sikh supporters Khalistani : ਕਲ 15 ਅਗਸਤ ਆਜ਼ਾਦੀ ਦਿਹਾੜਾ ਹੈ। ਇਸ ਮੌਕੇ ਵੱਖ-ਵੱਖ ਥਾਵਾਂ ‘ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਕਈ ਸ਼ਰਾਰਤੀ ਤੱਤਾਂ ਵਲੋਂ ਗਲਤ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਘਟਨਾ ਪੰਜਾਬ ਦੇ ਮੋਗਾ ਵਿਖੇ ਬੀਤੀ ਰਾਤ ਵਾਪਰੀ ਜਿਥੇ ਮੋਗਾ ਦੇ ਡਿਪਟੀ ਕਮਿਸ਼ਨਰ ਦਫਤਰ ਦੀ ਚੌਥੀ ਮੰਜ਼ਿਲ ‘ਤੇ ਕੁਝ ਸ਼ਰਾਰਤੀ ਤੱਤਾਂ ਨੇ ਖਾਲੀ ਥਾਂ ‘ਤੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ। ਇਸ ਦੇ ਨਾਲ ਹੀ ਸ਼ਰਾਰਤੀ ਲੋਕ ਮਿੰਨੀ ਸਕੱਤਰੇਤ ਦੀ ਐਂਟ੍ਰੈਂਸ ‘ਤੇ ਲੱਗੇ ਦੇਸ਼ ਦੀ ਸ਼ਾਨ ਤਿਰੰਗਾ ਝੰਡੇ ਨੂੰ ਵੀ ਕੱਟ ਕੇ ਆਪਣੇ ਨਾਲ ਲੈ ਗਏ।
ਸ਼ਰਾਰਤੀ ਤੱਤਾਂ ਨੇ ਖਾਲਿਸਤਾਨ ਦੇ ਝੰਡੇ ਨੂੰ ਮਿੰਨੀ ਸਕੱਤਰੇਤ ਦੀ ਸਤਲੁਜ ਬਿਲਡਿੰਗ ਦੀ ਚੌਥੀ ਮੰਜ਼ਿਲ ‘ਤੇ ਲਗਾਇਆ ਹੈ ਤੇ ਇਸੇ ਬਿਲਡਿੰਗ ਦੀ ਪਹਿਲੀ ਮੰਜ਼ਿਲ ‘ਤੇ ਡਿਪਟੀ ਕਮਿਸ਼ਨਰ ਦਾ ਦਫਤਰ ਹੈ। ਆਜ਼ਾਦੀ ਦਿਵਸ ਮੌਕੇ ਉਥੇ ਸੁਰੱਖਿਆ ਦੇ ਇੰਤਜ਼ਾਮ ਵੀ ਪੁਖਤਾ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਸ਼ਰਾਰਤੀ ਤੱਤਾਂ ਵਲੋਂ ਅਜਿਹੇ ਕੰਮ ਕੀਤੇ ਜਾ ਰਹੇ ਹਨ ਜਿਸ ਤੋਂ ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐੱਸ. ਐੱਸ. ਪੀ. ਹਰਮਨਬੀਰ ਸਿੰਘ ਗਿੱਲ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਭਾਰਤ ‘ਚ ਬਲੈਕਲਿਸਟ ਕੀਤੇ ਗਏ ਖਾਲਿਸਤਾਨੀ ਸਮਰਥਕ ਗੁਰਵੰਤ ਪੰਨੂੰ ਨੇ ਐਲਾਨ ਕੀਤਾ ਸੀ ਕਿ ਜੋ ਲੋਕ 15 ਅਗਸਤ ਨੂੰ ਆਪਣੇ ਘਰਾਂ ਦੀਆਂ ਛੱਤਾਂ ‘ਤੇ ਖਾਲਿਸਤਾਨੀ ਝੰਡੇ ਲਹਿਰਾਉਣਗੇ ਉਨ੍ਹਾਂ ਨੂੰ 25 ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਵੇਗੀ। ਪੁਲਿਸ ਸਾਰੇ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਕਿਸੇ ਵੀ ਸ਼ਰਾਰਤੀ ਤੱਤ ਨੂੰ ਬਖਸ਼ਿਆ ਨਹੀਂ ਜਾਵੇਗਾ।