Sirsa: Arrested farmers : ਸਿਰਸਾ : ਕਿਸਾਨਾਂ ਦੇ ਦਿੱਲੀ ਕੂਚ ਦੇ ਦੌਰਾਨ 25 ਨਵੰਬਰ ਦੀ ਦੇਰ ਰਾਤ ਨੂੰ ਗ੍ਰਿਫਤਾਰ ਕੀਤੇ ਗਏ ਕਿਸਾਨ ਨੇਤਾਵਾਂ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦੇਰ ਰਾਤ ਜੇਲ੍ਹ ਤੋਂ ਰਿਹਾਅ ਹੋਏ ਕਿਸਾਨ ਫਿਰ ਅੰਦੋਲਨ ਕਰ ਰਹੇ ਆਪਣੇ ਕਿਸਾਨ ਭਰਾਵਾਂ ਨਾਲ ਖੜ੍ਹੇ ਹੋ ਗਏ ਹਨ ਤੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਹੁਣ ਇਹ ਅੰਦੋਲਨ ਹੋਰ ਵੀ ਤੇਜ਼ ਹੋਵੇਗਾ। ਕਿਸਾਨਾਂ ਨੇ ਅੰਦੋਲਨ 26 ਨਵੰਬਰ ਨੂੰ ਕੂਚ ਕਰਨ ਦਾ ਐਲਾਨ ਕੀਤਾ ਸੀ ਪਰ ਸਰਕਾਰ ਦੇ ਹੁਕਮ ‘ਤੇ ਹਰਿਆਣਾ ਪੁਲਿਸ ਨੇ 25 ਨਵੰਬਰ ਦੀ ਰਾਤ ਨੂੰ ਹੀ ਕਿਸਾਨ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਕਿ ਕਿਸਾਨ ਅੰਦੋਲਨ ‘ਚ ਕਾਮਯਾਬ ਨਾ ਹੋ ਸਕਣ। ਸਿਰਸਾ ਤੋਂ ਪ੍ਰਲਾਦ ਸਿੰਘ ਭਾਰੂਖੇੜਾ, ਐੱਮ. ਪੀ. ਮਸੀਤਾਂ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਕਿਸਾਨ ਨੇਤਾਵਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਾਫੀ ਗਿਣਤੀ ‘ਚ ਕਿਸਾਨ ਉਨ੍ਹਾਂ ਨਾਲ ਮੁਲਾਕਾਤ ਕਰਨ ਜਿਲ੍ਹਾ ਜੇਲ ਦੇ ਬਾਹਰ ਪੁੱਜੇ ਸਨ ਜਿਥੇ ਪ੍ਰਲਾਦ ਸਿੰਘ ਭਾਰੂਖੇੜਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਕਿਸਾਨ ਨੇਤਾ ਪ੍ਰਲਾਦ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਰੋਕਣ ਲਈ ਹੱਥਕੰਡੇ ਅਪਣਾਏ ਪਰ ਸਰਕਾਰ ਆਪਣੇ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਹੁਣ ਉਹ ਦਿੱਲੀ ਕੂਚ ਕਰਨ ਦੀ ਤਿਆਰੀ ਕਰਨਗੇ ਤੇ ਕੇਂਦਰ ਸਰਕਾਰ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ‘ਤੇ ਮਜਬੂਰ ਕਰ ਦੇਵੇਗੀ ਤੇ ਕਾਫੀ ਹੱਦ ਤੱਕ ਉਹ ਆਪਣੇ ਇਸ ਉਦੇਸ਼ ‘ਚ ਕਾਯਮਾਬ ਵੀ ਹੋ ਚੁੱਕੇ ਹਨ ਕਿਉਂਕਿ ਅਮਿਤ ਸ਼ਾਹ ਵੱਲੋਂ ਵਾਰ-ਵਾਰ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਜਾ ਰਿਹਾ ਹੈ ਤੇ ਹੁਣ ਕੇਂਦਰ ਵੱਲੋਂ 3 ਦਸੰਬਰ ਦੀ ਬਜਾਏ 1 ਦਸੰਬਰ ਨੂੰ ਗੱਲਬਾਤ ਲਈ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਗਿਆ ਹੈ ਤਾਂ ਜੋ ਸਮੱਸਿਆ ਦਾ ਜਲਦ ਹੱਲ ਲੱਭਿਆ ਜਾ ਸਕੇ।
ਹਰਿਆਣਾ ਸਰਕਾਰ ਵੱਲੋਂ ਕਿਸਾਨ ਭਰਾਵਾਂ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਨਹੀਂ ਭੁੱਲਿਆ ਜਾ ਸਕਦਾ। ਸ਼੍ਰੀ ਮਨਹੋਰ ਲਾਲ ਖੱਟਰ ਨੇ ਬੇਕਸੂਰ ਕਿਸਾਨ ਜਥੇਬੰਦੀਆਂ ‘ਤੇ ਪਾਣੀ ਦੀਆਂ ਤੋਪਾਂ ਵਰ੍ਹਾਈਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਨਾਲ ਹੀ ਕਿਸਾਨ ਸੰਘਰਸ਼ ‘ਚ ਖਾਲਿਸਤਾਨੀ ਸਮਰਥਕਾਂ ਦੇ ਹੋਣ ਦੀ ਵੀ ਗੱਲ ਕਹੀ ਜਿਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਖੱਟਰ ਨਾਲ ਉਦੋਂ ਤੱਕ ਗੱਲਬਾਤ ਨਾ ਕਰਨ ਦਾ ਫੈਸਲਾ ਲਿਆ ਹੈ ਜਦੋਂ ਤੱਕ ਉਹ ਕਿਸਾਨਾਂ ਕੋਲੋਂ ਮੁਆਫੀ ਨਹੀਂ ਮੰਗ ਲੈਂਦੇ।