SIT’s eyes on : ਪੰਜਾਬ ਵਿਚ ਬੀਜ ਘਪਲੇ ਦੀ ਜਾਂਚ ਵਿਚ ਲੱਗੀ ਰਾਜ ਪੱਧਰੀ SIT ਦੀਆਂ ਨਜ਼ਰਾਂ ਕਿਸਾਨਾਂ ਦੀ ਉਸ ਸੁਸਾਇਟੀ ‘ਤੇ ਟਿਕ ਗਈਆਂ ਹਨ ਜਿਨ੍ਹਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਸੋਧ ਕੀਤੇ ਬੀਜਾਂ ਦੀ ਪਰਖ ਦੇ ਉਦੇਸ਼ ਨਾਲ ਉਗਾਉਣ ਲਈ ਮੁਹੱਈਆ ਕਰਾਏ ਜਾਂਦੇ ਹਨ। ਦੂਜੇ ਪਾਸੇ ਚੰਡੀਗੜ੍ਹ ਵਿਚ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਕਿ ਘਪਲੇ ਦੇ ਤਾਰ ਖੇਤੀ ਵਿਭਾਗ ਨਾਲ ਜੁੜੇ ਹਨ ਅਤੇ ਐੱਸ. ਆਈ. ਟੀ. ਵਿਭਾਗ ਦੀ ਭੂਮਿਕਾ ਜਾਂਚ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ SIT ਨੇ ਪੀ. ਯੂ. ਵਲੋਂ ਗਠਿਤ ਕਿਸਾਨ ਸੁਸਾਇਟੀ ਵਿਚ ਕਿਸਾਨ ਦੇ ਤੌਰ ‘ਤੇ ਸ਼ਾਮਲ ਲੋਕਾਂ ਦੀ ਬੈਕਗਰਾਊਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚਵਿਚ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸਾਨ ਸੁਸਾਇਟੀ ਦਾ ਮੈਂਬਰ ਬਣਨ ਦੇ ਸਮੇਂ ਅਤੇ ਹੁਣ ਉਸ ਦੀ ਵਿੱਤੀ ਸਥਿਤੀ ਕਿਹੋ ਜਿਹੀ ਹੈ। ਘਪਲੇ ਵਿਚ ਗ੍ਰਿਫਤਾਰ ਬਲਜਿੰਦਰ ਸਿੰਘ ਜਗਰਾਓਂ 34 ਏਕੜ ਜ਼ਮੀਨ ਦੇ ਮਾਲਕ ਹਨ ਅਤੇ ਪੀ. ਯੂ. ਦੁਆਰਾ ਗਠਿਤ ਕਿਸਾਨ ਐਸੋਸੀਏਸ਼ਨ ਦਾ ਮੈਂਬਰ ਹੈ। ਸੁਸਾਇਟੀ ਵਲੋਂ ਉਸ ਨੂੰ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕੀ ਸਬੰਧੀ ਜਾਣਕਾਰੀ ਦੇਣ ਦਾ ਕੰਮ ਸੌਂਪਿਆ ਗਿਆ ਸੀ।
ਨਵੇਂ ਬੀਜ ਦੀ ਪੈਦਾਵਾਰ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਪੀ. ਯੂ. ਨੇ ਉਸ ਨੂੰ ਹੀ ਪ੍ਰਯੋਗ ਦੇ ਤੌਰ ‘ਤੇ ਬੀਜਾਈ ਲਈ ਪਿਛਲੇ ਸਾਲ ਝੋਨੇ ਦਾ ਨਵਾਂ ਵਿਕਸਿਤ ਬੀਜ ਪੀ. ਆਰ. 128 ਅਤੇ ਪੀ. ਆਰ. 129 ਦਿੱਤਾ ਗਿਆ ਸੀ ਪਰ ਉਸ ਨੇ ਪਰਖ ਦੇ ਤੌਰ ‘ਤੇ ਤਿਆਰ ਕੀਤੀ ਵਾਧੂ ਫਸਲ ਦੇ ਬੀਜ ਦਾ ਉਤਪਾਦਨ ਕੀਤਾ ਅਤੇ ਉਸ ਨੂੰ ਬਿਨਾਂ ਅਧਿਕਾਰ ਤੋਂ ਬਰਾੜ ਬੀਜ ਸਟੋਰ ਨੂੰ ਵੇਚ ਦਿੱਤਾ। ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਸ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਘਪਲੇ ਬਾਰੇ FIR ਖੇਤੀ ਵਿਭਾਗ ਦੇ ਅਫਸਰਾਂ ਵਲੋਂ ਹੀ ਕਰਵਾਈ ਗਈ ਹੈ। ਪੀ. ਯੂ. ਦੀਆਂ ਖੋਜਾਂ ਦਾ ਖੇਤੀ ਵਿਭਾਗ ਨਾਲ ਕੋਈ ਤਾਅਲੁਕ ਨਹੀਂ ਹੈ। ਪੀ. ਯੂ. ਦੁਆਰਾ ਆਪਣੀ ਕਿਸਾਨ ਸੁਸਾਇਟੀ ਨੂੰ ਪਰਖ ਲਈ ਜੋ ਵੀ ਬੀਜ ਦਿੱਤੇ ਜਾਂਦੇ ਹਨ, ਉਸ ਵਿਚ ਵੀ ਖੇਤੀ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ।