SIT’s Tully Lab : ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਤੁਲੀ ਲੈਬ ਜਿਥੇ ਕੋਰੋਨਾ ਦੀਆਂ ਨੈਗੇਟਿਵ ਮਰੀਜ਼ਾਂ ਦੀ ਰਿਪੋਰਟਾਂ ਨੂੰ ਪਾਜੀਟਿਵ ‘ਚ ਤਬਦੀਲ ਕੀਤਾ ਜਾਂਦਾ ਸੀ, ਜਿਸ ਕਾਰਨ ਇਸ ਲੈਬ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਮਾਮਲਾ ਹੁਣ SIT ਕੋਲ ਵਿਚਾਰ ਅਧੀਨ ਹੈ, ਜਿਸ ਦੀ ਰਿਪੋਰਟ ਕੋਰਟ ‘ਚ ਪੇਸ਼ ਕੀਤੀ ਗਈ ਹੈ ਜਿਥੇ ਅੱਜ ਵੱਡੇ ਖੁਲਾਸੇ ਹੋਏ ਹਨ। 1 ਮਈ ਤੋਂ ਲੈ ਕੇ 20 ਜੂਨ ਤਕ ਤੁਲੀ ਲੈਬ ਤੇ EMC ਹਸਪਤਾਲ ‘ਚ 177 ਵਾਰ ਗੱਲਬਾਤ ਕੀਤੀ ਗਈ। EMC ਦੇ ਬੈਂਕ ਖਾਤੇ ਤੋਂ ਤੁਲੀ ਲੈਬ ਦੇ ਬੈਂਕ ਖਾਤੇ ‘ਚ 8 ਲੱਖ 83 ਹਜ਼ਾਰ ਰੁਪਏ ਦੀ ਕਮਿਸ਼ਨ ਟਰਾਂਸਫਰ ਕੀਤੀ ਗਈ ਹੈ। ਹੁਣ ਤੱਕ 1720 ਟੈਸਟ ਤੁਲੀ ਲੈਬ ‘ਚ ਹੋ ਚੁੱਕੇ ਸਨ ਜਿਨ੍ਹਾਂ ‘ਚੋਂ ਤੁਲੀ ਲੈਬ ਵੱਲੋਂ 1608 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਤੇ 112 ਦੀ ਰਿਪੋਰਟ ਪਾਜੀਟਿਵ ਦਿਖਾਈ ਗਈ ਸੀ।
ਤੁਲੀ ਲੈਬ ਦੀਆਂ ਕੋਰੋਨਾ ਟੈਸਟ ਰਿਪੋਰਟਾਂ ਨੂੰ ਲੈ ਕੇ SIT ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ਤੇ ਇਸ ਤੋਂ ਬਾਅਦ ਇਹ ਸਾਰੇ ਖੁਲਾਸੇ ਕੀਤੇ ਗਏ ਹਨ। ਲੈਬ ਵੱਲੋਂ ਪਹਿਲਾਂ ਮਰੀਜ਼ ਦੀ ਰਿਪੋਰਟ ਨੂੰ ਪਾਜੀਟਿਵ ਕਹਿ ਦਿੱਤਾ ਜਾਂਦਾ ਸੀ ਤੇ ਬਾਅਦ ‘ਚ ਕੁਝ ਇਲਾਜ ਤੋਂ ਬਾਅਦ ਨੈਗੇਟਿਵ ਕਰ ਦਿੱਤਾ ਜਾਂਦਾ ਸੀ। ਇਹ ਸਾਰਾ ਕੁਝ ਕਮਿਸ਼ਨ ਲੈਣ ਖਾਤਰ ਕੀਤਾ ਜਾ ਰਿਹਾ ਸੀ। ਲੋਕਾਂ ਦੇ ਮਨਾਂ ‘ਚ ਕੋਰੋਨਾ ਨੂੰ ਲੈ ਕੇ ਪਹਿਲਾਂ ਹੀ ਡਰ ਸੀ, ਜਿਸ ਦਾ ਫਾਇਦਾ ਤੁਲੀ ਲੈਬ ਵੱਲੋਂ ਚੁੱਕਿਆ ਗਿਆ ਪਰ ਕਾਨੂੰਨ ਵੱਲੋਂ ਸ਼ਿਕੰਜਾ ਕੱਸੇ ਜਾਣ ਕਾਰਨ ਤੁਲੀ ਲੈਬ ਦਾ ਪਰਦਾਫਾਸ਼ ਹੋ ਗਿਆ ਹੈ ਤੇ ਲੋਕ ਕਾਫੀ ਹੱਦ ਤੱਕ ਇਸ ਡਰ ਤੋਂ ਬਾਹਰ ਨਿਕਲ ਆਏ ਹਨ। ਪੈਸੇ ਦੇ ਲਾਲਚ ‘ਚ ਤੁਲੀ ਲੈਬ ਵੱਲੋਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਰਿਹਾ।