Special on Martyrdom : ਸ਼ਹੀਦ ਊਧਮ ਸਿੰਘ ਉਸ ਨਿਡਰ ਅਤੇ ਜਾਬਾਂਜ ਭਾਰਤੀ ਦਾ ਨਾਂ ਹੈ ਜਿਸ ਨੇ ਜਲ੍ਹਿਆਂਵਾਲੇ ਵਿਚ ਹੋਏ ਖੂਨੀ ਹਮਲੇ ਦਾ ਬਦਲਾ ਲਿਆ ਸੀ ਤੇ ਲੰਦਨ ਵਿਚ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਆਪਣੇ ਸਾਲਾਂ ਪੁਰਾਣੀ ਕਸਮ ਪੂਰੀ ਕੀਤੀ ਸੀ। ਊਧਮ ਸਿੰਘ ਨੂੰ ਜਨਰਲ ਡਾਇਰ ਦੀ ਹੱਤਿਆ ਦੇ ਦੋਸ਼ ਵਿਚ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ ਸੀ। ਸ਼ਹੀਦ ਊਧਮ ਸਿੰਘ ਦਾ ਜਨਮ ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਸੁਨਾਮ ਪਿੰਡ ਵਿਚ 26 ਦਸੰਬਰ 1899 ਨੂੰ ਹੋਇਆ। ਜਨਮ ਦੇ ਦੋ ਸਾਲ ਅੰਦਰ ਹੀ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਜਦੋਂ ਉਹ 8 ਸਾਲ ਦੇ ਸਨ ਤਾਂ ਪਿਤਾ ਵੀ ਚੱਲ ਵਸੇ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸਮਾਂ ਅਨਾਥ ਘਰ ਵਿਚ ਗੁਜ਼ਾਰਨਾ ਪਿਆ ਜਿਥੇ ਉਹ ਆਪਣੇ ਵੱਡੇ ਭਰਾ ਨਾਲ ਰਹਿੰਦੇ ਸਨ। ਭਰਾ ਦੇ ਦੇਹਾਂਤ ਤੋਂ ਬਾਅਦ ਉਹ ਉਥੋਂ ਨਿਕਲ ਕੇ ਆਜ਼ਾਦੀ ਦੀ ਮੁਹਿੰਮ ਵਿਚ ਸ਼ਾਮਲ ਹੋ ਗਏ ਤੇ ਇਸ ਦੌਰਾਨ ਜਲਿਆਂਵਾਲੇ ਬਾਗ ਦੀ ਘਟਨਾ ਘਟ ਗਈ।
ਇਥੇ ਇਹ ਦੱਸਣਯੋਗ ਹੈ ਕਿ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਵਿਚ ਇਕ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਸਨ। ਇਸ ਵਿਚ ਕੁਝ ਨੇਤਾ ਭਾਸ਼ਣ ਦੇਣ ਵਾਲੇ ਸਨ। ਵਿਸਾਖੀ ਦੇ ਤਿਓਹਾਰ ਕਾਰਨ ਲੋਕ ਮੇਲਾ ਦੇਖਣੇ ਲਈ ਆਏ ਸਨ। ਬ੍ਰਿਗੇਡੀਅਰ ਜਨਰਲ ਮਾਈਕਲ ਓ ਡਾਇਰ 90 ਬ੍ਰਿਟਿਸ਼ ਸੈਨਿਕਾਂ ਨੂੰ ਲੈ ਕੇ ਉਥੇ ਪੁੱਜਾ। ਉਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਪਿਸਤੌਲਾਂ ਸਨ। ਭਾਸ਼ਣ ਦੇ ਰਹੇ ਨੇਤਾਵਾਂ ਨੇ ਉਨ੍ਹਾਂ ਨੂੰ ਦੇਖਿਆ ਤੇ ਉਥੇ ਮੌਜੂਦ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਜਨਰਲ ਡਾਇਰ ਨੇ ਉਨ੍ਹਾਂ ਦੀ ਇਕ ਨਾ ਮੰਨੀ ਅਤੇ ਉਥੇ ਮੌਜੂਦ ਬੇਕਸੂਰ ਲੋਕਾਂ ‘ਤੇ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ, ਜਿਸ ‘ਚ ਬਹੁਤ ਲੋਕ ਮਾਰੇ ਗਏ। ਊਧਮ ਸਿੰਘ ‘ਤੇ ਇਸ ਘਟਨਾ ਦਾ ਬਹੁਤ ਡੂੰਘਾ ਪ੍ਰਭਾਵ ਪਿਆ ਅਤੇ ਉਨ੍ਹਾਂ ਨੇ ਜਨਰਲ ਡਾਇਰ ਤੋਂ ਬਦਲਾ ਲੈਣ ਬਾਰੇ ਸੋਚਿਆ ਪਰ ਇਸ ਲਈ ਉਨ੍ਹਾਂ ਨੂੰ 21 ਸਾਲ ਇੰਤਜ਼ਾਰ ਕਰਨਾ ਪਿਆ।
ਊਧਮ ਸਿੰਘ ਆਜਾਦੀ ਦੇ ਅੰਦੋਲਨ ਵਿਚ ਕਾਫੀ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਡਾਇਰ ਨੂੰ ਮਾਰਨ ਦੇ ਉਦੇਸ਼ ਨਾਲ ਉਨ੍ਹਾਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣਾ ਨਾਂ ਤਕ ਵੀ ਬਦਲਿਆ। ਸਾਲ 1934 ਵਿਚ ਊਧਮ ਸਿੰਘ ਲੰਦਨ ਪਹੁੰਚੇ ਅਤੇ ਉਥੇ ਰਹਿਣ ਲੱਗੇ। ਉਨ੍ਹਾਂ ਨੇ ਉਥੇ ਇਕ ਕਾਰ ਤੇ ਰਿਵਾਲਵਰ ਖਰੀਦੀ। ਜਲਿਆਂਵਾਲਾ ਬਾਗ ਹੱਤਿਆਕਾਂਡ ਦੇ 21 ਸਾਲ ਬਾਅਦ 13 ਮਾਰਚ 1940ਨੂੰ ਰਾਇਲ ਸੈਂਟਰ ਏਸ਼ੀਏ ਸੁਸਾਇਟੀ ਦੀ ਲੰਦਨ ਦੇ ਕਾਕਸਟਨ ਹਾਲ ਵਿਚ ਬੈਠਕ ਹੋਈ, ਜਿਸ ਵਿਚ ਜਨਰਲ ਡਾਇਰ ਵੀ ਸ਼ਾਮਲ ਸੀ ਤੇ ਉਥੇ ਹੀ ਉਨ੍ਹਾਂ ਨੇ ਜਨਰਲ ਡਾਇਰ ਨੂੰ ਆਪਣੇ ਰਿਵਾਲਵਰ ਦਾ ਨਿਸ਼ਾਨਾ ਬਣਾਇਆ ਤੇ ਮੌਤ ਦੇ ਘਾਟ ਉਤਾਰ ਦਿੱਤਾ।