Strong arrangements have : ਕਲ 3 ਅਗਸਤ ਨੂੰ ਰੱਖੜੀ ਦਾ ਤਿਓਹਾਰ ਹੈ। ਸੂਬੇ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਰੱਖੜੀਆਂ ਪਹੁੰਚਾਉਣ ਲਈ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ ਜੇਲ ਵਿਭਾਗ ਵੱਲੋਂ ਵਿਸਥਾਰ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ 3 ਅਗਸਤ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਬਾਹਰੀ ਗੇਟਾਂ ਉਤੇ ਰੱਖੜੀਆਂ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਤਿਓਹਾਰ ਦੇ ਨਾਲ-ਨਾਲ ਕੋਵਿਡ-19 ਨੂੰ ਵੀ ਧਿਆਨ ਵਿਚ ਰੱਖ ਕੇ ਸਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਏ.ਡੀ.ਜੀ.ਪੀ. ਜੇਲਰ ਸ਼੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਸਾਰੇ ਜੇਲ੍ਹ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰੱਖੜੀ ਦੇ ਤਿਉਹਾਰ ਮੌਕੇ 3 ਅਗਸਤ ਨੂੰ ਕੋਈ ਫਿਜ਼ੀਕਲ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੱਖੜੀਆਂ ਹਾਸਲ ਕਰਨ ਲਈ ਬਾਹਰੀ ਗੇਟਾਂ ਉਤੇ ਪੂਰਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪੈਕੇਟ ਰੱਖੜੀ ਦਾ ਗੇਟ ਉਤੇ ਰੱਖਿਆ ਜਾਵੇ ਉਹ ਪੂਰੀ ਤਰ੍ਹਾਂ ਬੰਦ ਹੋਵੇ ਅਤੇ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਜੇਲ੍ਹ ਅੰਦਰ ਭੇਜਿਆ ਜਾਵੇ। ਏ.ਡੀ.ਜੀ.ਪੀ. ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦੀ ਵੀ ਪੂਰੀ ਤਰ੍ਹਾਂ ਤੋਂ ਪਾਲਣਾ ਕੀਤੀ ਜਾਵੇ ਤੇ ਗੇਟ ਦੇ ਬਾਹਰ ਆਉਣ ਵਾਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਲਈ ਤੈਅ ਦੂਰੀ ‘ਤੇ ਗੋਲ ਚੱਕਰ ਬਣਾ ਦਿੱਤੇ ਜਾਣ। ਰੱਖੜੀ ਦੇ ਪੈਕੇਟ ਉਪਰ ਸਬੰਧਤ ਕੈਦੀ ਦੇ ਨਾਂ ਦੀ ਸਲਿੱਪ ਲਗਾਈ ਹੋਵੇ ਅਤੇ ਇਕ ਘੰਟੇ ਦੇ ਅੰਦਰ ਉਸ ਕੈਦੀ ਨੂੰ ਰੱਖੜੀ ਪਹੁੰਚ ਜਾਣੀ ਚਾਹੀਦੀ ਹੈ।
ਸੁਰੱਖਿਆ ਕਰਮਚਾਰੀ ਦੇ ਨਾਲ ਇਕ ਅਧਿਕਾਰੀ ਵੀ ਜੇਲ੍ਹ ਦੇ ਬਾਹਰੀ ਗੇਟ ਉਤੇ ਤਾਇਨਾਤ ਕੀਤਾ ਜਾਵੇ ਜੋ ਰੱਖੜੀ ਦੇ ਪੈਕੇਟ ਦੀ ਚੈਕਿੰਗ ਅਤੇ ਸੈਨੇਟਾਈਜ਼ ਆਦਿ ਦਾ ਪੂਰਾ ਖਿਆਲ ਰੱਖੇ। ਕੋਵਿਡ-19 ਨੇਮਾਂ ਦੀ ਪਾਲਣਾ ਕਰਦੇ ਹੋਏ ਜੇਲ੍ਹ ਕਰਮਚਾਰੀ ਮਾਸਕ ਅਤੇ ਦਸਤਾਨੇ ਪਹਿਨ ਕੇ ਹੀ ਇਹ ਪੈਕੇਟ ਹਾਸਲ ਕਰਨ। ਏ.ਡੀ.ਜੀ.ਪੀ. ਨੇ ਕਿਹਾ ਕਿ ਰੱਖੜੀ ਦੇ ਨਾਲ ਮਠਿਆਈ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਹਰੇਕ ਪੈਕੇਟ ਦੇ ਨਾਲ ਸਿਰਫ ਮਿਸ਼ਰੀ ਦਾ ਛੋਟਾ ਪੈਕੇਟ ਭੇਜਿਆ ਜਾ ਸਕਦਾ ਹੈ ਜਿਸ ਦਾ ਪ੍ਰਬੰਧ ਜੇਲ ਵਿਭਾਗ ਵੱਲੋਂ ਬਾਹਰੀ ਗੇਟ ਉਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੀਆਂ ਭੈਣਾਂ ਨੇ ਖੁੱਲ੍ਹੀਆਂ ਰੱਖੜੀਆਂ ਭੇਜੀਆਂ ਹਨ ਉਨ੍ਹਾਂ ਲਈ ਵੀ ਜੇਲ੍ਹ ਵਿਭਾਗ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਲਈ ਛੋਟੇ ਪੈਕੇਟਾਂ ਦਾ ਇਸਤੇਮਾਲ ਕੀਤਾ ਜਾਵੇਗਾ।