Strong arrangements made : ਚੰਡੀਗੜ੍ਹ : ਜੇ. ਈ.ਈ. ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ 6 ਸਤੰਬਰ ਤਕ ਚੱਲਣਗੀਆਂ। ਪ੍ਰੀਖਿਆ ਲਈ ਚੰਡੀਗੜ੍ਹ ਤੇ ਮੋਹਾਲੀ ਵਿੱਚ 5 ਕੇਂਦਰ ਬਣਾਏ ਗਏ ਹਨ। ਕੇਂਦਰਾਂ ਨੇ ਜਿਥੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਉਥੇ ਵਿਦਿਆਰਥੀ ਵੀ ਪ੍ਰੀਖਿਆ ਦੇਣ ਲਈ ਤਿਆਰ ਹਨ। ਚੰਡੀਗੜ੍ਹ ਵਿੱਚ ਆਈ. ਓ. ਐੱਨ. ਡਿਜੀਟਲ ਸਰਵਿਸਿਜ ਇੰਡਸਟ੍ਰੀਅਲ ਏਰੀਆ ਤੇ ਮੋਹਾਲੀ ‘ਚ ਵੀ ਆਈ. ਓ. ਐੱਨ. ਡਿਜੀਟਲ ਸਰਵਿਸਿਜ਼ ਸੈਕਟਰ-91 ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ।
6 ਦਿਨ ‘ਚ 7000 ਤੋਂ ਵਧ ਵਿਦਿਆਰਥੀ ਪ੍ਰੀਖਿਆ ‘ਚ ਸ਼ਾਮਲ ਹੋਣਗੇ। ਦੋ ਪੜਾਵਾਂ ‘ਚ ਹੋਣ ਵਾਲੀ ਪ੍ਰੀਖਿਆ ਵਿੱਚ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਤੇ ਦੂਜੀ 3 ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਕੇਂਦਰਾਂ ‘ਤੇ ਪੂਰੀਆਂ ਤਿਆਰੀਆਂ ਸੋਮਵਾਰ ਨੂੰ ਕਰ ਲਈਆਂ ਗਈਆਂ ਸਨ। ਸੈਂਟਰਾਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੈਂਟਰ ‘ਤੇ ਪੂਰੀ ਸਾਫ-ਸਫਾਈ ਦਾ ਪ੍ਰਬੰਧ ਕੀਤਾ ਗਿਆ ਹੈ। ਹਰੇਕ ਪਾਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਾਨੀਟਰ, ਕੀ-ਬੋਰਡ, ਮਾਊਸ, ਵੈੱਬ ਕੈਮਰਾ, ਡੈਸਕ ਤੇ ਕੁਰਸੀ, ਸਾਰੇ ਦਰਵਾਜ਼ੇ, ਹੈਂਡਲ, ਲਿਫਟ ਬਟਨ ਸੈਨੇਟਾਈਜ ਕੀਤੇ ਜਾਣਗੇ।
2 ਸੀਟਾਂ ਵਿੱਚ ਇਕ ਕੁਰਸੀ ਦਾ ਫਰਕ ਰੱਖਿਆ ਜਾਵੇਗਾ। ਦਸਤਾਨੇ ਆਦਿ ਦੀ ਵਿਵਸਥਾ ਕੀਤੀ ਗਈ ਹੈ। ਪ੍ਰਵੇਸ਼ ਪੱਤਰ ‘ਤੇ ਲੱਗੇ ਬਾਰਕੋਡ ਨੂੰ ਸਕੈਨ ਕਰਨ ਤੋਂ ਬਾਅਦ ਹੀ ਕੇਂਦਰ ‘ਚ ਦਾਖਲਾ ਮਿਲੇਗਾ। ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਕਿਸੇ ਤਰ੍ਹਾਂ ਦੀ ਕੋਈ ਭੀੜ ਨਹੀਂ ਹੋਵੇਗੀ। ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਵਿਦਿਆਰਥੀ ਕੋਈ ਗੈਰ-ਜ਼ਰੂਰੀ ਸਮੱਗਰੀ ਨਹੀਂ ਲਿਆ ਸਕਣਗੇ। ਵਿਦਿਆਰਥੀ ਇਕ ਫੋਟੋ, ਬਾਲ ਪੈੱਨ, ਐਡਮਿਟ ਕਾਰਡ, ਪਛਾਣ ਪੱਤਰ ਹੀ ਆਪਣੇ ਨਾਲ ਲੈ ਸਕਣਗੇ। ਪਾਣੀ ਦੀ ਬੋਤਲ ਪ੍ਰੀਖਿਆ ਕੇਂਦਰ ਵਿੱਚੋਂ ਹੀ ਮਿਲੇਗੀ। ਵਿਦਿਆਰਥੀ ਕੇਂਦਰ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥ ਧੋਣਗੇ ਤੇ ਸੈਨੇਟਾਈਜ ਕਰਨਗੇ ਤੇ ਸਰੀਰ ਦਾ ਤਾਪਮਾਨ ਵੀ ਕੇਂਦਰ ‘ਤੇ ਦਰਜ ਹੋਵੇਗਾ।