Sudden shooting deathਪੁਲਿਸ ਮੁਲਾਜ਼ਮ ਜਿਹੜੇ ਕੋਵਿਡ-19 ਕਾਰਨ ਵੱਖ-ਵੱਖ ਨਾਕਿਆਂ ‘ਤੇ ਡਿਊਟੀਆਂ ਦੇ ਰਹੇ ਹਨ ਉਥੇ ਅੱਜ ਕੜੈਲ ਵਿਖੇ ਤਾਇਨਾਤ ASI ਕ੍ਰਿਸ਼ਨ ਦੇਵ (51) ਜਦੋਂ ਡਿਊਟੀ ‘ਤੇ ਤਾਇਨਾਤ ਸੀ, ਵਲੋਂ ਸਰਵਿਸ ਕਾਰਬਾਈਨ ਵਿਚੋਂ ਗੋਲੀਆਂ ਚੱਲਣ ਨਾਲ ਮੌਤ ਹੋ ਗਈ। ਇਹ ਜਾਣਕਾਰੀ ਡੀ. ਐੱਸ. ਪੀ. ਬੂਟਾ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ASI ਕ੍ਰਿਸ਼ਨ ਦੇਵ ਪੁੱਤਰ ਗੁਰਦੇਵ ਸਿੰਘ ਵਾਸੀ ਸੇਖੁਵਾਸ ਜੋ ਕਿ ਪਹਿਲਾਂ ਮਹਿਲਾ ਥਾਣੇ ਵਿਚ ਤਾਇਨਾਤ ਸੀ ਦੀ ਡਿਊਟੀ ਅੱਜ ਹੀ ਖਨੌਰੀ ਥਾਣੇ ਵਿਚ ਲਗਾਈ ਗਈ ਸੀ। ਡਿਊਟੀ ਦੌਰਾਨ ਅਚਾਨਕ ਸਰਵਿਸ ਕਾਰਬਾਈਨ ਵਿਚੋਂ ਗੋਲੀਆਂ ਚੱਲ ਗਈਆਂ ਜਿਸ ਨਾਲ ਇਹ ਹਾਦਸਾ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕ੍ਰਿਸ਼ਨ ਦੇਵ ਦੇ ਭਰਾ ਲਛਮਣ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਸਾਰਾ ਮਾਮਲਾ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿਚ ਪਤਨੀ, ਦੋ ਲੜਕੇ ਲਖਦੀਪ ਸਿੰਘ ਤੇ ਗੁਰਜਿੰਦਰ ਸਿੰਘ ਸ਼ਾਮਲ ਹਨ। ਇਕ ਲੜਕਾ ਫੌਜ ਵਿਚ ਨੌਕਰੀ ਕਰਦਾ ਹੈ। ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਤੋਂ ਇਲਾਵਾ ਖਨੌਰੀ ਥਾਣੇ ਦੇ ਸਟਾਫ ਮੈਂਬਰ ਤੇ ਪਿੰਡ ਕੜੈਲ ਦੇ ਸਰਪੰਚ ਵਲੋਂ ਅਫਸੋਸ ਪ੍ਰਗਟਾਇਆ ਗਿਆ ਹੈ। ਅਚਾਨਕ ਹੋਈ ਮੌਤ ਨਾਲ ਮ੍ਰਿਤਕ ਏ. ਐੱਸ. ਆਈ. ਦੇ ਪਰਿਵਾਰਕ ਮੈਂਬਰਾਂ ਵਿਚ ਵੀ ਸੋਗ ਦੀ ਲਹਿਰ ਹੈ।