Suicide committed by : ਮੋਹਾਲੀ ਵਿਖੇ ਚਾਵਲਾ ਫਿਲਿੰਗ ਸਟੇਸ਼ਨ ਦੇ ਮਾਲਕ ਗੁਰਕ੍ਰਿਪਾਲ ਸਿੰਘ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਵਲੋਂ ਪੰਚਕੂਲਾ ਦੇ ਇਕ ਹੋਟਲ ਵਿਚ ਖੁਦਕੁਸ਼ੀ ਕੀਤੀ ਗਈ। ਇਸ ਦੀ ਜਾਣਕਾਰੀ ਉਨ੍ਹਾਂ ਨਾਲ ਹੋਟਲ ਵਿਚ ਗਏ ਡਰਾਈਵਰ ਵਲੋਂ ਦਿੱਤੀ ਗਈ। ਗੁਰਕ੍ਰਿਪਾਲ ਚਾਵਲਾ ਨੇ ਵੀਰਵਾਰ ਸ਼ਾਮ ਨੂੰ ਹੋਟਲ ਰੈੱਡ ਬਿਸ਼ਪ ਦੇ ਇਕ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਗੁਰਕ੍ਰਿਪਾਲ 7.40 ਵਜੇ ਹੋਟਲ ਪਹੁੰਚੇ ਤੇ ਉਥੇ ਉਨ੍ਹਾਂ ਨੇ ਹੋਟਲ ਵਿਚ ਇਕ ਕਮਰਾ ਲਿਆ ਤੇ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕੀਤੀ। ਉਨ੍ਹਾਂ ਦੇ ਨਾਲ ਕਾਰ ਦਾ ਡਰਾਈਵਰ ਵੀ ਸੀ। ਡਰਾਈਵਰ ਨੇ ਦੱਸਿਆ ਕਿ ਚਾਵਲਾ ਦੇ ਪਰਿਵਾਰਕ ਮੈਂਬਰਾਂ ਵਾਰ-ਵਾਰ ਉਨ੍ਹਾਂ ਨੂੰ ਫੋਨ ਕਰ ਰਹੇ ਸਨ ਪਰ ਉਹ ਫੋਨ ਨਹੀਂ ਚੁੱਕ ਰਹੇ ਸਨ, ਜਿਸ ਕਾਰਨ ਉਹ ਵੀ ਘਬਰਾਇਆ ਹੋਇਆ ਸੀ। ਬਹੁਤ ਦੇਰ ਤਕ ਜਦੋਂ ਉਹ ਹੋਟਲ ਦੇ ਕਮਰੇ ਤੋਂ ਬਾਅਦ ਨਹੀਂ ਆਏ ਤਾਂ ਡਰਾਈਵਰ ਤੇ ਹੋਟਲ ਦੇ ਮੁਲਾਜ਼ਮਾਂ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਦੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ 2016 ਵਿਚ ਸ. ਚਾਵਲਾ ਵਲੋਂ ਪੰਜਾਬ ਤੇ ਚੰਡੀਗੜ੍ਹ ਵਿਚ ਪੈਟਰੋਲ ਤੇ ਡੀਜ਼ਲ ‘ਤੇ ਵੈਟ ਦੇ ਫਰਕ ਕਾਰਨ ਆਪਣੇ ਪੈਟਰੋਲ ਪੰਪ ਦੇ ਬਾਹਰ ਭੁੱਖ ਹੜਤਾਲ ਕੀਤੀ ਗਈ ਸੀ। 3 ਸਤੰਬਰ 2019 ਨੂੰ ਉਨ੍ਹਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਸਰਕਾਰ ਤੋਂ ਆਗਿਆ ਮੰਗੀ ਸੀ ਕਿ ਜੇਕਰ ਸਰਕਾਰ ਪੈਟਰੋਲ ਪੰਪ ਡੀਲਰਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਨ੍ਹਾਂ ਨੂੰ ਖੁਦਕੁਸ਼ੀ ਦੀ ਇਜਾਜ਼ਤ ਦਿੱਤੀ ਜਾਵੇ। ਮੌਕੇ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਗੁਰਕ੍ਰਿਪਾਲ ਚਾਵਲਾ ਆਪਣੀ ਮੌਤ ਲਈ ਹਿੰਦੋਸਤਾਨ ਪੈਟਰੋਲੀਅਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਵਲੋਂ ਅਧਿਕਾਰੀਆਂ ਨੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ, ਜਿਸ ਕਾਰਨ ਉਹ ਕਾਫੀ ਦੇਰ ਤੋਂ ਪ੍ਰੇਸ਼ਾਨ ਰਹਿੰਦੇ ਸਨ। ਇਸੇ ਪ੍ਰੇਸ਼ਾਨੀ ਕਰਕੇ ਸ. ਚਾਵਲਾ ਨੇ ਇਹ ਕਦਮ ਚੁੱਕਿਆ।