Sumedh Saini has : ਸੈਸ਼ਨ ਜੱਜ ਵੱਲੋਂ ਸੁਮੇਧ ਸੈਣੀ ਨੂੰ ਜਵਾਬ ਦਾਖਲ ਕਰਨ ਲਈ 23 ਜੂਨ ਦਾ ਸਮਾਂ ਨਿਸ਼ਚਿਤ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਪੰਜਾਬ ਪੁਲਿਸ ਨੇ ਸਾਬਕਾ ਡਾਇਰੈਕਟਰ-ਜਨਰਲ ਪੁਲਿਸ ਸੁਮੇਧ ਸਿੰਘ ਸੈਣੀ ਵਿਰੁਧ ਦਰਜ ਕੀਤੇ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਅਤੇ ਖ਼ੁਰਦ-ਬੁਰਦ ਕੇਸ ਵਿਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਸੀ। 1991 ਵਿਚ ਆਈ.ਏ.ਐੱਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵੱਲੋਂ ਧਾਰਾ 302 ਵਿਚ ਅੰਤ੍ਰਿਮ ਜ਼ਮਾਨਤ ਦੇਣ ਤੋਂ ਬਾਅਦ ਸ਼ਿਕਾਇਤ ਕਰਤਾ ਵੱਲੋਂ ਕਿਸੇ ਹੋਰ ਅਦਾਲਤ ਵਿਚ ਕੇਸ ਦੀ ਸੁਣਵਾਈ ਕਰਨ ਦੀ ਲਗਾਈ ਅਰਜ਼ੀ ‘ਤੇ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਸੁਮੇਧ ਸੈਣੀ ਨੂੰ ਕੀਤੇ ਨੋਟਿਸ ਤੋਂ ਬਾਅਦ ਅੱਜ ਸੈਣੀ ਵੱਲੋਂ ਪੇਸ਼ ਹੋਏ ਵਕੀਲ ਨੇ ਜਵਾਬ ਦਾਖਲ ਕਰਨ ਦਾ ਸਮਾਂ ਮੰਗਿਆ ਹੈ।
ਇਸ ਮਾਮਲੇ ਵਿਚ ਸੁਮੇਧ ਸਿੰਘ ਸੈਣੀ ਸਣੇ 8 ਖਿਲਾਫ ਮੋਹਾਲੀ ਦੇ ਮਟੌਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਬੀਤੀ 11 ਮਈ ਨੂੰ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਇਸ ਮਾਮਲੇ ਵਿਚ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਸੀ। ਇਥੇ ਦੱਸਣਯੋਗ ਹੈ ਕਿ ਡੀਜੀਪੀ ਸੈਣੀ ਸਣੇ 8 ਪੁਲਿਸ ਅਧਿਕਾਰੀਆਂ ਖਿਲਾਫ 29 ਸਾਲ ਪੁਰਾਣੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਹਾਲੀ ਪੁਲਿਸ ਨੇ ਅਗ਼ਵਾ ਅਤੇ ਹੋਰਨਾਂ ਅਪਰਾਧਾਂ ਲਈ ਦਰਜ ਕੀਤੀ ਗਈ ਐਫ਼ਆਈਆਰ ਦੀ ਪੜਤਾਲ ਲਈ ਪਹਿਲਾਂ ਹੀ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਦਸਣਯੋਗ ਹੈ ਕਿ ਇਸ ਮਾਮਲੇ ਵਿਚ ਸੀਬੀਆਈ ਪਹਿਲਾਂ ਹੀ ਪੈਰ ਪਿਛੇ ਖਿੱਚ ਚੁੱਕੀ ਹੈ। ਇੰਨਾ ਹੀ ਨਹੀਂ ਪੰਜਾਬ ਪੁਲਿਸ ਵਲੋਂ ਚੰਡੀਗੜ੍ਹ ਅਦਾਲਤ ਵਿਚ ਸੀਬੀਆਈ ਤੋਂ ਰਿਕਾਰਡ ਲੈਣ ਵਾਸਤੇ ਕੀਤੀ ਗਈ ਪਹੁੰਚ ਵੀ ਹਾਲ ਦੀ ਘੜੀ ਕੋਈ ਲਾਹੇਵੰਦੀ ਸਾਬਤ ਹੁੰਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਅਦਾਲਤ ਵਿਚ ਹੀ ਸੀਬੀਆਈ ਬੀਤੇ ਹਫ਼ਤੇ ਰਿਕਾਰਡ ਮੌਜੂਦ ਨਾ ਹੋਣ ਦੀ ਦਲੀਲ ਦੇ ਕੇ ਇਕ ਤਰ੍ਹਾਂ ਨਾਲ ਪੱਲਾ ਝਾੜਨ ਦੀ ਕੋਸ਼ਿਸ਼ ਕਰ ਚੁੱਕੀ ਹੈ।
ਮੁਲਤਾਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਉਨ੍ਹਾਂ ਦੇ ਭਰਾ ਪਲਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸੀ। ਇਸ ਮਾਮਲੇ ਵਿਚ ਸੀਬੀਆਈ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਹਿਦਾਇਤਾਂ ’ਤੇ ਸੈਣੀ ਵਿਰੁੱਧ 2007 ਵਿਚ ਕਾਰਵਾਈ ਸ਼ੁਰੂ ਕੀਤੀ ਸੀ ਪਰ ਬਾਅਦ ’ਚ ਇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਸਾਲ 2014 ’ਚ ਉਨ੍ਹਾਂ ਦੇ ਹੱਥ ਕਈ ਅਜਿਹੇ ਸਬੂਤ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਆਪਣਾ ਸੰਘਰਸ਼ ਸ਼ੁਰੂ ਕੀਤਾ। ਪਿਛਲੇ ਦਿਨੀਂ ਪੀੜਤ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਵਾਸੀ ਜਲੰਧਰ ਵੱਲੋਂ ਦਿੱਤੀ ਗਈ ਅਰਜ਼ੀ ’ਤੇ ਸਾਬਕਾ ਡੀਜੀਪੀ ’ਤੇ ਬੀਤੀ 6 ਮਈ ਨੂੰ ਧਾਰਾ 364, 201, 344, 330 ਅਤੇ 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।