Surjit Hockey Tournament : ਜਲੰਧਰ : ਇਸ ਸਾਲ ਹਾਕੀ ਪ੍ਰਸ਼ੰਸਕਾਂ ਨੂੰ ਸੁਰਜੀਤ ਹਾਕੀ ਟੂਰਨਾਮੈਂਟ ਦੇਖਣ ਨੂੰ ਨਹੀਂ ਮਿਲ ਸਕਦਾ ਹੈ। ਵਧਦੇ ਕੋਰੋਨਾ ਕੇਸਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰਜੀਤ ਹਾਕੀ ਸੁਸਾਇਟੀ ਇਸ ਸਾਲ ਟੂਰਨਾਮੈਂਟ ਨਾ ਕਰਵਾਉਣ ਬਾਰੇ ਸੋਚ ਰਹੀ ਹੈ। ਫਿਲਹਾਲ ਟੂਰਨਾਮੈਂਟ ਨੂੰ ਕਰਵਾਉਣ ਲਈ ਸੁਸਾਇਟੀ ਵਲੋਂ ਤਿਆਰੀਆਂ ਸ਼ੁਰੂ ਨਹੀਂ ਕੀਤੀਆਂ ਗਈਆਂ ਹਨ। ਨਾ ਹੀ ਸੁਸਾਇਟੀ ਨੇ ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੇ ਟੀਮਾਂ ਨੂੰ ਸੱਦਾ ਭੇਜਿਆ ਹੈ। ਨਾ ਹੀ ਕਿਸੇ ਟੀਮ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਇੰਝ ਲੱਗ ਰਿਹਾ ਹੈ ਕਿ ਇਸ ਸਾਲ ਟੂਰਨਾਮੈਂਟ ਨਹੀਂ ਹੋਵੇਗਾ।
ਪਿਛਲੇ ਸਾਲ ਅਗਸਤ ‘ਚ ਟੂਰਨਾਮੈਂਟ ਦੀਆਂ ਤਿਆਰੀਆਂ ਸੁਰੂ ਹੋ ਚੁੱਕੀਆਂ ਹਨ। ਟੀਮਾਂ ਨੂੰ ਸੱਦਾ ਦੇਣ ਤੋਂ ਬਾਅਦ ਅਕਤੂਬਰ ‘ਚ ਟੂਰਨਾਮੈਂਟ ਸ਼ੁਰੂ ਹੋ ਗਿਆ ਸੀ। ਟੂਰਨਾਮੈਂਟ ਤਿਆਰੀਆਂ ਲਈ ਦੋ ਮਹੀਨੇ ਦਾ ਸਮਾਂ ਲੱਗਦਾ ਹੈ। ਪਿਛਲੇ ਸਾਲ ਸੁਸਾਇਟੀ ਨੇ ਪਾਕਿਸਤਾਨ ਦੀ ਟੀਮ ਨੂੰ ਵੀ ਟੂਰਨਾਮੈਂਟ ਦਾ ਹਿੱਸਾ ਬਣਨ ਲਈ ਸੱਦਾ ਭੇਜਿਆ ਸੀ। ਪਿਛਲੇ ਸਾਲ ਬਲਟਨ ਪਾਰਕ ‘ਚ ਮੌਜੂਦ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ 13 ਟੀਮਾਂ ਨੇ ਹਿੱਸਾ ਲਿਆ ਸੀ। ਸੀ. ਏ. ਜੀ., ਨਿਊ ਦਿੱਲੀ, ਸੀ. ਆਰ. ਪੀ. ਐੱਫ. ਦਿੱਲੀ, ਪੰਜਾਬ ਐਂਡ ਸਿੰਧ ਬੈਂਕ ਦਿੱਲੀ ਬੀ. ਐੱਸ. ਐੱਫ.ਜਲੰਧਰ, ਪੰਜਾਬ ਪੁਲਿਸ, ਇੰਡੀਅਨ ਰੇਲਵੇ, ਇੰਡੀਅਨ ਆਇਲ ਮੁੰਬਈ ਆਦਿ ਟੀਮਾਂ ਨੇ ਹਿੱਸਾ ਲਿਆ ਸੀ।
ਸੁਰਜੀਤ ਹਾਕੀ ਟੀਮ ਦੇ ਸੰਯੁਕਤ ਸਕੱਤਰ ਸੁਰਿੰਦਰ ਭਾਪਾ ਨੇ ਦੱਸਿਆ ਕਿ ਫਿਲਹਾਰ ਟੂਰਨਾਮੈਂਟ ਨੂੰ ਲੈ ਕੇ ਕਿਸੇ ਟੀਮ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਕੋਵਿਡ-19 ਕਾਰਨ ਟੂਰਨਾਮੈਂਟ ਕਰਵਾਉਣਾ ਮੁਸ਼ਕਲ ਲੱਗ ਰਿਹਾ ਹੈ। ਜਲੰਧਰ ‘ਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਜਿਸ ਕਾਰਨ ਟੂਰਨਾਮੈਂਟ ਰੱਦ ਕੀਤਾ ਜਾ ਸਕਦਾ ਹੈ।