Talks between Punjab : ਪੰਜਾਬ ‘ਚ ਅੰਦੋਲਨਕਾਰੀ ਕਿਸਾਨਾਂ ਤੇ ਸਰਕਾਰ ਦੇ ਮੰਤਰੀਆਂ ‘ਚ ਗੱਲਬਾਤ ਸਫਲ ਨਹੀਂ ਹੋ ਸਕੀ। ਸੂਬੇ ‘ਚ ਰੇਲ ਟਰੈਕ ਖਾਲੀ ਕਰਨ ਲਈ ਕਿਸਾਨਾਂ ਨੂੰ ਮਨਾਉਣ ‘ਚ ਲੱਗੇ ਸੂਬੇ ਦੇ ਤਿੰਨੋਂ ਕੈਬਨਿਟ ਮੰਤਰੀ ਕਾਮਯਾਬ ਨਹੀਂ ਹੋ ਸਕੇ। ਕਿਸਾਨਾਂ ਨੇ ਸੂਬੇ ਦੇ ਤਿੰਨ ਮੰਤਰੀਆਂ ਨਾਲ ਹੋਈ ਬੈਠਕ ‘ਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ‘ਚ ਪਾਸ ਕਰਾਏ ਗਏ ਖੇਤੀ ਕਾਨੂੰਨਾਂ ਨੂੰ ਖਾਰਜ ਕਰ ਦਿੱਤਾ ਗਿਆ। ਕਿਸਾਨਾਂ ਨੇ ਵੱਖ-ਵੱਖ ਥਾਵਾਂ ‘ਤੇ ਰੇਲ ਟਰੈਕ ‘ਤੇ ਡਟੇ ਰਹਿਣ ਦਾ ਫੈਸਲਾ ਕੀਤਾ। ਇਸ ਨਾਲ ਸੂਬੇ ‘ਚ ਰੇਲ ਸੇਵਾ ਬਹਾਲ ਹੋਣ ਅਤੇ ਮਾਲਗੱਡੀਆਂ ਵੀ ਚੱਲਣ ਦੀ ਉਮੀਦ ਟੁੱਟ ਗਈ। ਕਿਸਾਨਾਂ ਨੇ 5 ਨਿੱਜੀ ਥਰਮਲ ਪਾਵਰ ਪਲਾਂਟ ਵੱਲ ਜਾਣ ਵਾਲੇ ਰੇਲ ਟਰੈਕਾਂ ਨੂੰ ਜਾਮ ਕੀਤਾ ਹੋਇਆ ਹੈ।
ਅੰਮ੍ਰਿਤਸਰ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 6 ਮੈਂਬਰੀ ਬੈਂਚ ‘ਚੋਂ ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੀਟਿੰਗ ‘ਚ ਕਿਸਾਨਾਂ ਨੇ ਵਿਧਾਨ ਸਭਾ ‘ਚ ਸਰਕਾਰ ਵੱਲੋਂ ਪੇਸ਼ ਖੇਤੀ ਕਾਨੂੰਨਾਂ ਨੂੰ ਨਕਾਰ ਦਿੱਤਾ। ਕਿਸਾਨਾਂ ਦੇ ਪ੍ਰਤੀਨਿਧੀਆਂ ਨੇ ਮੰਤਰੀਆਂ ਤੋਂ ਪੁੱਛਿਆ ਕਿ ਬਿੱਲ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਿਉਂ ਨਹੀਂ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਰੇਲ ਟਰੈਕ ਤੋਂ ਹਟਣ ਦਾ ਫੈਸਲਾ ਵੀ ਹੋਰ ਕਿਸਾਨ ਸੰਗਠਨਾਂ ਨਾਲ ਬੈਠਕ ਤੋਂ ਬਾਅਦ ਲੈਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਾਲਗੱਡੀਆਂ ਲਈ ਟਰੈਕ ਖਾਲੀ ਹੈ ਪਰ ਕੇਂਦਰ ਸਰਕਾਰ ਜਾਣਬੁਝ ਕੇ ਇਨ੍ਹਾਂ ਨੂੰ ਚਲਾਉਣ ਤੋਂ ਪਿੱਛੇ ਹਟ ਰਹੀ ਹੈ।
ਕਿਸਾਨਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਗੰਨੇ ਦਾ 400 ਕਰੋੜ ਰੁਪਏ ਦਾ ਬਕਾਇਆ ਦਾ ਮੁੱਦਾ ਵੀ ਚੁੱਕਿਆ। ਕੈਬਨਿਟ ਮੰਤਰੀ ਰੰਧਾਵਾ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨਾਂ ਦੀ 3 ਨਵੰਬਰ ਨੂੰ ਚੰਡੀਗੜ੍ਹ ਦੇ ਅਟਾਰਨੀ ਜਨਰਲ ਨਾਲ ਬੈਠਕ ਹੈ। ਉਸ ‘ਚ ਕਿਸਾਨਾਂ ਦੀਆਂ ਮੰਗਾਂ ‘ਤੇ ਚਰਚਾ ਕੀਤੀ ਜਾਵੇਗੀ। ਨਾਲ ਹੀ ਬਠਿੰਡਾ ‘ਚ ਭਾਕਿਯੂ ਉਗਰਾਹਾਂ ਦੀ ਬੈਠਕ ਹੋਈ। ਇਸ ਬੈਠਕ ‘ਚ ਰੇਲਵੇ ਟਰੈਕ ‘ਤੇ ਡਟੇ ਰਹਿਣ ਦਾ ਫੈਸਲਾ ਲਿਆ ਗਿਆ ਹੈ। ਭਾਕਿਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੇਂਦਰ ਸਰਕਾਰ ਵੱਲੋਂ 6ਵੇਂ ਦਿਨ ਵੀ ਮਾਲਗੱਡੀਆਂ ਬੰਦ ਰੱਖਣ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੀ ਖੇਤੀ, ਵਪਾਰ ਤੇ ਉਦਯੋਗ ਖਿਲਾਫ ਆਰਥਿਕ ਨਾਕਾਬੰਦੀ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਰਕਾਰੀ ਥਰਮਲ ਪਲਾਂਟ ਲਈ ਕੋਇਲਾ ਲਿਆਉਣ ਦੇ ਰਸਤੇ ਖੋਲ੍ਹ ਦਿੱਤੇ ਹਨ। ਸਰਕਾਰ ਇਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਤੋਂ ਕਿਉਂ ਨਹੀਂ ਚਲਾਉਂਦੀ। ਸਰਕਾਰ ਨਿੱਜੀ ਥਰਮਲ ਪਲਾਂਟਾ ਨੂੰ ਆਪਣੇ ਕੰਟਰੋਲ ‘ਚ ਕਿਉਂ ਨਹੀਂ ਲੈਂਦੀ।