Teachers’ duty order : ਬੀਤੇ ਦਿਨੀਂ ਫਗਵਾੜਾ ਵਿੱਚ ਸਰਕਾਰੀ ਅਧਿਆਪਕਾਂ ਨੂੰ ਗ਼ੈਰ-ਕਾਨੂੰਨੀ ਖਣਨ ਦੀ ਨਿਗਰਾਨੀ ਲਈ ਤਾਇਨਾਤ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਇਹ ਡਿਊਟੀ ਰਾਤ 9:00 ਤੋਂ 1:00 ਤੱਕ ਲਗਾਈ ਗਈ ਸੀ। ਫਗਵਾੜਾ ਵਿੱਚ ਸਰਕਾਰੀ ਅਧਿਆਪਕਾਂ ਨੂੰ ਗ਼ੈਰ-ਕਾਨੂੰਨੀ ਖਣਨ ਦੀ ਨਿਗਰਾਨੀ ਲਈ ਤਾਇਨਾਤ ਕਰਨ ਸਬੰਧੀ ਜਾਰੀ ਕੀਤੇ ਹੁਕਮ ਹੁਣ SDM ਫਗਵਾੜਾ ਨੇ ਵਾਪਸ ਲੈ ਲਏ ਹਨ।
ਇਸ ਤੋਂ ਪਹਿਲਾਂ ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਦੀ ਫੈਕਟਰੀ ਵਿਚ ਲਗਾ ਦਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦਲਜੀਤ ਚੀਮਾ ਨੇ ਟਵੀਟ ਕਰ ਕੇ ਆਦੇਸ਼ ਦੀ ਸ਼ਖਤ ਨਿੰਦਾ ਕੀਤੀ ਅਤੇ ਤੁਰੰਤ ਇਸ ਹੁਕਮ ਨੂੰ ਵਾਪਸ ਲੈਣ ਨੂੰ ਕਿਹਾ ਹੈ। ਪੰਜਾਬ ਦੇ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਰੇਤੇ ਦੀ ਨਜਾਇਜ਼ ਮਾਇਨਿੰਗ ਰੋਕਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਨੂੰ ਗਲਤ ਕਰਾਰ ਦਿੱਤਾ ਸੀ। ਇਸ ਡਿਊਟੀ ਦੀ ਪੰਜਾਬ ਭਰ ਵਿਚ ਨਿੰਦਾ ਕੀਤੀ ਜਾ ਰਹੀ ਸੀ। ਅਧਿਆਪਕ ਜਥੇਬੰਦੀ ਮੁਤਾਬਕ ਤਕਰੀਬਨ 20 ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਰਾਤ ਸਮੇਂ ਰੇਤ ਲਿਜਾਣ ਵਾਲੇ ਟਰੱਕ ਤੇ ਟਰੈਕਟਰ-ਟਰਾਲੀਆਂ ’ਤੇ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ।
ਪ੍ਰਸ਼ਾਸਨ ਨੇ ਅਧਿਆਪਕ ਜਥੇਬੰਦੀ ਤੇ ਅਕਾਲੀ ਦਲ ਦੇ ਵਿਰੋਧ ਮਗਰੋਂ ਇਹ ਹੁਕਮ ਰੱਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਗੁਰਦਾਸਪੁਰ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਸ਼ਰਾਬ ਫੈਕਟਰੀਆਂ ਨੇੜੇ ਤਾਇਨਾਤ ਕਰ ਦਿੱਤਾ ਸੀ, ਤਾਂ ਜੋ ਸੂਬੇ ਵਿਚ ਸ਼ਰਾਬ ਦੀ ਗੈਰਕਾਨੂੰਨੀ ਵਿਕਰੀ ਰੋਕੀ ਜਾ ਸਕੇ। ਉਦੋਂ ਵੀ ਲੋਕ ਰੋਹ ਕਾਰਨ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਨੂੰ ਬਦਲਣਾ ਪਿਆ।