The bravery of : ਜਿਲ੍ਹਾ ਜਲੰਧਰ ਵਿਖੇ ਇੱਕ ਲੜਕੀ ਦੀ ਬਹਾਦੁਰੀ ਦਾ ਕਿੱਸਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਸ਼ੁੱਕਰਵਾਰ ਨੂੰ ਦੀਨਦਿਆਲ ਨਗਰ ਵਿਖੇ ਦੋ ਬਾਈਕ ਸਵਾਰਾਂ ਨੇ 15 ਸਾਲਾ ਲੜਕੀ ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਬਾਈਕ ‘ਤੇ ਪਿੱਛੇ ਬੈਠੇ ਇੱਕ ਬਦਮਾਸ਼ ਨੂੰ ਫੜ ਲਿਆ। ਇੱਕ ਵਾਰ ਤਾਂ ਉਹ ਆਪਣੇ ਆਪ ਨੂੰ ਛੁਡਵਾਉਣ ‘ਚ ਸਫਲ ਹੋ ਗਿਆ ਪਰ ਲੜਕੀ ਨੇ ਦੁਬਾਰਾ ਉਸ ਨੂੰ ਫੜ ਲਿਆ। ਬਦਮਾਸ਼ ਨੇ ਲੜਕੀ ‘ਤੇ ਤੇਜ਼ਧਾਰ ਹਥਿਆਰ ਨਾਲ ਵੀ ਹਮਲਾ ਕੀਤਾ ਪਰ ਇਸ ਦੇ ਬਾਵਜੂਦ ਉਸ ਨੇ ਬਦਮਾਸ਼ ਨੂੰ ਨਹੀਂ ਛੱਡਿਆ ਤੇ ਉਦੋਂ ਤਕ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਤੇ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ।
ਜਾਣਕਾਰੀ ਦਿੰਦਿਆਂ 15 ਸਾਲਾ ਕੁਸੁਮ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ ਜਿਵੇਂ ਹੀ ਉਸ ਨੇ ਬੈਗ ਤੋਂ ਮੋਬਾਈਲ ਫੋਨ ਕੱਢ ਕੇ ਆਪਣੇ ਪਿਤਾ ਦਾ ਨੰਬਰ ਡਾਇਲ ਕੀਤਾ ਤਾਂ ਬਾਈਕ ‘ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਕੁਸੁਮ ਨੇ ਆਪਣੇ ਹੱਥੋਂ ਫੋਨ ਨਹੀਂ ਛੱਡਿਆ ਤਾਂ ਬਦਮਾਸ਼ ਉਸ ਨੂੰ ਕੁਝ ਦੂਰ ਮੋਟਰਸਾਈਕਲ ਨਾਲ ਘਸੀਟਦੇ ਲੈ ਗਏ। ਲੁਟੇਰੇ ਨੇ ਉਸ ‘ਤੇ ਹਮਲਾ ਕੀਤਾ ਜਿਸ ਨਾਲ ਉਸ ਦੀ ਹੱਥ ਜ਼ਖਮੀ ਹੋ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਨਾ ਤਾਂ ਮੋਬਾਈਲ ਛੱਡਿਆ ਤੇ ਨਾ ਹੀ ਬਦਮਾਸ਼ ਨੂੰ।
ਲੁਟੇਰਿਆਂ ਨੂੰ ਬਾਅਦ ‘ਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਕੁਸੁਮ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਕੁਸੁਮ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਕੁਸੁਮ ਦਾ ਇਲਾਜ ਚੱਲ ਰਿਹਾ ਹੈ ਤੇ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਧਾਰਾ 379, 34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੂਜੇ ਦੋਸ਼ੀ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।