The captain expressed : ਗਲਵਾਨ ਘਾਟੀ ਵਿੱਚ ਚੀਨੀਆਂ ਵੱਲੋਂ ਜਿਸ ਕਰੂਰਤਾ ਨਾਲ 20 ਭਾਰਤੀ ਫੌਜੀਆਂ ਨੂੰ ਕਤਲ ਕੀਤਾ ਗਿਆ ਉਸਨੂੰ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਕ ਝੜਪ ਵਿੱਚ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰੀ ਤੈਅ ਹੋਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਰੀ ਕੌਮ ਆਪਣੇ ਨਾਗਰਿਕਾਂ ਉੱਪਰ ਹੋਏ ਇਸ ਘਿਨਾਉਣੇ ਹਮਲੇ ਲਈ ਕੇਂਦਰ ਸਰਕਾਰ ਪਾਸੋਂ ਢੁੱਕਵਾਂ ਜਵਾਬ ਦਿੱਤੇ ਜਾਣ ਦੀ ਉਮੀਦ ਕਰ ਰਹੀ ਹੈ। ‘‘ਸਰਹੱਦ ’ਤੇ ਸਾਡੇ ਸੈਨਿਕਾਂ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਜਾਵੇ ਕਿ ਜੇਕਰ ਉਹ ਸਾਡਾ ਇੱਕ ਮਾਰਦੇ ਹਨ ਤਾਂ ਤੁਸੀਂ ਉਨਾਂ ਦੇ ਤਿੰਨ ਮਾਰੋ, ‘‘ਭਾਵੁਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਬਤੌਰ ਰਾਜਨੀਤੀਵਾਨ ਇਹ ਸਭ ਨਹੀਂ ਕਹਿ ਰਹੇ ਬਲਕਿ ਉਸ ਵਿਅਕਤੀ ਵਜੋਂ ਕਹਿ ਰਹੇ ਹਨ ਜੋ ਫੌਜ ਦਾ ਹਿੱਸਾ ਰਿਹਾ ਹੈ ਅਤੇ ਹਾਲੇ ਤੱਕ ਇਸ ਸੰਸਥਾਨ ਨੂੰ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ਉੱਪਰ ਉਨ੍ਹਾਂ ਦਾ ਸਟੈਂਡ ਹਮੇਸ਼ਾ ਇਕ ਰਿਹਾ ਹੈ ਇਥੋਂ ਤੱਕ ਕਿ ਪੁਲਵਾਮਾ ਹਮਲੇ ਬਾਅਦ ਵੀ ਉਨ੍ਹਾਂ ਐਲਾਨ ਕੀਤਾ ਸੀ ਕਿ ਜੇਕਰ ਉਹ ਸਾਡਾ ਇੱਕ ਮਾਰਦੇ ਹਨ ਤਾਂ ਸਾਨੂੰ ਉਨ੍ਹਾਂ ਦੇ ਦੋ ਮਾਰਨੇ ਚਾਹੀਦੇ ਹਨ।
ਇਹ ਸਵਾਲ ਕਰਦਿਆਂ ਕਿ ਭਾਰਤੀ ਜਵਾਨਾਂ ’ਤੇ ਹੋਏ ਦਰਦਨਾਕ ਹਮਲੇ ਨੂੰ ਵੇਖਦਿਆਂ ਚੀਨੀਆਂ ’ਤੇ ਗੋਲੀ ਚਲਾਉਣ ਦੇ ਆਦੇਸ਼ ਕਿਉ ਨਹੀਂ ਦਿੱਤੇ ਗਏ, ਮੁੱਖ ਮੰਤਰੀ ਨੇ ਕਿਹਾ, ‘‘ਕੋਈ ਉਥੇ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਅਸਫਲ ਰਿਹਾ ਹੈ ਅਤੇ ਸਾਨੂੰ ਇਹ ਲੱਭਣ ਦੀ ਜ਼ਰੂਰਤ ਹੈ ਕਿ ਉਹ ਕੌਣ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਯੂਨਿਟ ਪਾਸ ਹਥਿਆਰ ਸਨ, ਜਿਵੇਂ ਹੁਣ ਦਾਅਵਾ ਕੀਤਾ ਜਾ ਰਿਹਾ ਹੈ, ਦੁਜੇਲੇ ਕਮਾਂਡ ਕਰਨ ਵਾਲੇ ਨੂੰ ਉਸ ਪਲ ਫਾਇਰਿੰਗ ਦੇ ਹੁਕਮ ਦੇਣੇ ਚਾਹੀਦੇ ਸਨ ਜਦੋਂ ਕਮਾਂਡਿੰਗ ਅਫਸਰ ਚੀਨੀਆਂ ਦੀ ਧੋਖੇਬਾਜ਼ੀ ਦਾ ਸ਼ਿਕਾਰ ਹੋਇਆ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਕੌਮ ਜਾਨਣਾ ਚਾਹੁੰਦੀ ਹੈ ਕਿ ਕਿਉ ਸਾਡੇ ਵਿਅਕਤੀਆਂ ਵੱਲੋਂ ਮੁੜਵਾਂ ਹਮਲਾ ਨਹੀਂ ਕੀਤਾ ਗਿਆ ਜਿਸ ਲਈ ਉਨ੍ਹਾਂ ਨੂੰ ਟ੍ਰੇਨਿੰਗ ਮਿਲੀ ਹੈ ਅਤੇ ਜੇਕਰ ਉਨ੍ਹਾਂ ਪਾਸ ਹਥਿਆਰ ਸਨ ਤਾਂ ਕਿਉ ਗੋਲੀ ਨਹੀਂ ਚਲਾਈ ਗਈ। ਉਨ੍ਹਾਂ ਪੁੱਛਿਆ ਕਿ ਉਹ ਉਥੇ ਬੈਠੇ ਕੀ ਕਰ ਰਹੇ ਸਨ ਜਦੋਂ ਉਨ੍ਹਾਂ ਦੇ ਸਾਥੀਆਂ ਨੂੰ ਮਾਰਿਆ ਜਾ ਰਿਹਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਸਿਪਾਹੀਆਂ ਦੀ ਹੋਈ ਹਿੰਸਕ ਝੜਪ ਦਾ ਸਖਤ ਨੋਟਿਸ ਲਿਆ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਭਾਰਤੀ ਫੌਜ ਹਥਿਆਰਾਂ, ਪੱਥਰਾਂ ਜਾਂ ਕਿੱਲ ਜੜੀਆਂ ਰਾਡਾਂ ਅਤੇ ਲਾਠੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਜੇ ਭਾਰਤ ਸਰਕਾਰ ਚੀਨੀਆਂ ਨਾਲ ਘਸੁੰਨ ਮੁੱਕੀਆਂ ਜਾਂ ਲਾਠੀਆਂ ਵਾਲੀ ਲੜਾਈ ਲੜਨਾ ਚਾਹੁੰਦੀ ਹੈ ਤਾਂ ਉਸ ਨੂੰ ਆਰ.ਐਸ.ਐਸ. ਕਾਡਰ ਨੂੰ ਲੜਾਈ ਦੇ ਮੈਦਾਨ ਵਿਚ ਭੇਜਣਾ ਚਾਹੀਦਾ ਹੈ। ਸਾਡੇ ਜਵਾਨਾਂ ਨੂੰ ਹਥਿਆਰਾਂ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਆਦੇਸ਼ ਹੋਣੇ ਚਾਹੀਦੇ ਹਨ ਕਿ ਉਹ ਆਪਣੇ ਆਪ ਨੂੰ ਬਚਾਉਣ ਅਤੇ ਕਿਸੇ ਵੀ ਕੀਮਤ ’ਤੇ ਦੇਸ ਦੀ ਰੱਖਿਆ ਕਰਨ ਲਈ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ ਰਹਿਣ।