The Captain released : ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੌਰਾਨ ਸੂਬੇ ਵਿਚ 15 ਅਪ੍ਰੈਲ ਤੋਂ 31 ਮਈ ਤਕ ਕਣਕ ਦੀ ਖਰੀਦ ਬਾਰੇ ਸਾਰੀ ਰਿਪੋਰਟ ਨੂੰ ਦਸਤਾਵੇਜ਼ ਦੇ ਰੂਪ ਵਿਚ ਜਾਰੀ ਕੀਤਾ ਹੈ। ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਸੂਬਾ ਸਰਕਾਰ ਤੋਂ ਕੋਰੋਨਾ ਵਾਇਰਸ ਦੌਰਾਨ ਸਿਹਤ ਪ੍ਰਤੀਕਿਰਿਆ, ਮੈਡੀਕਲ ਇਲਾਜ ਤੇ ਟੈਸਟਿੰਗ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੇ ਸੰਕਟ ਨਾਲ ਨੱਜਿਠਣ ਅਤੇ ਆਈ.ਟੀ. ਤਕਨੀਕਾਂ ਦੀ ਸੁਚਾਰੂ ਵਰਤੋਂ ਆਦਿ, ਨੂੰ ਦਸਤਾਵੇਜ਼ ਰਿਪੋਰਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕਣਕ ਦੀ ਖਰੀਦ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ਢਾਂਚਾਗਤ ਦਸਤਾਵੇਜ਼ ਰਿਪੋਰਟਾਂ ਦੀ ਲੜੀ ਦਾ ਪਹਿਲਾ ਭਾਗ ਹੈ, ਜੋ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਚੰਡੀਗੜ੍ਹ ਨੇ ਇੰਡੀਅਨ ਸਕੂਲ ਆਫ ਬਿਜ਼ਨਸ, ਮੋਹਾਲੀ ਅਤੇ ਅਰਨਸਟ ਐਂਡ ਯੰਗ ਦੀ ਸਹਿਯੋਗ ਨਾਲ ਤਿਆਰ ਕੀਤੀ ਹੈ। ਇਸ ਪਹਿਲਕਦਮੀ ਲਈ ਮਗਸੀਪਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕੋਵਿਡ-19 ਮਹਾਂਮਾਰੀ ਬਹੁਤ ਹੀ ਭਿਆਨਕ ਬੀਮਾਰੀ ਹੈ, ਜਿਸ ਤੋਂ ਮਿਲੇ ਅਨੁਭਵ ਨੂੰ ਸੂਬਾ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਆਉਣ ਵਾਲੇ ਅਜਿਹੇ ਅਣਕਿਆਸੇ ਸੰਕਟਾਂ ਦੇ ਟਾਕਰੇ ਲਈ ਸੀਖ ਵਜੋਂ ਅਪਨਾਉਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਕ ਪਾਸੇ ਦੇਸ਼ ਵਿਚ ਲੌਕਡਾਊਨ ਦੀ ਸਥਿਤੀ ਸੀ ਤੇ ਦੂਜੇ ਪਾਸੇ ਇਸ ਮਹਾਮਾਰੀ ਦੇ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਇਸ ਵਾਰ ਕਣਕ ਦੀ ਖ਼ਰੀਦ ਬਹੁਤ ਹੀ ਚੁਣੌਤੀ ਭਰਿਆ ਕੰਮ ਸੀ ਪਰ ਖੇਤੀਬਾੜੀ, ਖੁਰਾਕ ਅਤੇ ਸਪਲਾਈ ਵਿਭਾਗ ਦੀ ਸੁਘੜ ਤੇ ਸੁਚਾਰੂ ਯੋਜਨਾਬੰਦੀ ਅਤੇ ਕਿਸਾਨਾਂ, ਆੜ੍ਹਤੀਆਂ, ਟਰੱਕ ਅਪਰੇਟਰਾਂ ਅਤੇ ਮਜ਼ਦੂਰਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਤੋਂ ਮਿਲੀ ਮਦਦ ਕਾਰਨ ਇਸ ਕੰਮ ਨੂੰ ਬਹੁਤ ਹੀ ਸਫਲਤਾਪੂਰਵਕ ਤਰੀਕੇ ਨਾਲ ਪੂਰਾ ਕੀਤਾ ਗਿਆ।”
ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਸਭ ਤੋਂ ਪਹਿਲਾਂ ਸਾਰੇ ਮੰਤਰੀਆਂ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਦਾ ਡਿਜੀਟਲ ਰੂਪ punjab.gov.in, diprpunjab.gov.in, agri.punjab.gov.in, mandiboard.nic.in, dgrpg.punjab.gov.in, covidhelp.punjab.gov.in. ਆਦਿ ਵੈੱਬਸਾਈਟ ‘ਤੇ ਉਪਲਬਧ ਹੈ।