The Chief Minister : ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਰ ਵਿਭਾਗ, ਪੰਜਾਬ ਦੇ ਇਨਫੋਰਸਮੈਂਟ ਵਿੰਗ ਵੱਲੋਂ ਟੈਕਸ ਚੋਰੀ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਪਿਛਲੇ ਮਹੀਨੇ ਜੁਲਾਈ 2020 ਵਿੱਚ ਕੁੱਲ 348 ਵਿੱਚੋਂ 310 ਡਿਫਾਲਟਰ ਵਾਹਨਾਂ ਨੂੰ 4.12 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਟੈਕਸੇਸ਼ਨ ਵਿਭਾਗ ਵੱਲੋਂ ਇਹ ਕਾਰਵਾਈ ਕੋਵਿਡ-19 ਦੇ ਅਣਕਿਆਸੇ ਸੰਕਟ ਦੇ ਬਾਵਜੂਦ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟੈਕਸ ਚੋਰੀ ਸਬੰਧੀ ਟੈਕਸੇਸ਼ਨ ਵਿਭਾਗ ਨੂੰ ਸਾਵਧਾਨ ਰਹਿਣ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਟੈਕਸ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਸੂਬਾਈ ਕਰ ਕਮਿਸ਼ਨਰ ਨੀਲਕੰਠ ਐਸ. ਅਵਹਦ ਨੇ ਇਨਫੋਰਸਮੈਂਟ ਵਿੰਗ ਵੱਲੋਂ ਜੀ.ਐਸ.ਟੀ. ਚੋਰੀ ਨੂੰ ਰੋਕਣ ਸਬੰਧੀ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸੂਬੇ ਦੇ ਖਜ਼ਾਨੇ ਦਾ ਵਿੱਤੀ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਖਾਸ ਤੌਰ ‘ਤੇ ਅਧਿਕਾਰੀਆਂ ਨੂੰ ਕਿਹਾ ਕਿ ਟੈਕਸ ਉਗਰਾਹੀ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਾ ਕੀਤਾ ਜਾਵੇ ਅਤੇ ਸੂਬੇ ਦਾ ਮਾਲੀਆ ਵਧਾਉਣ ਲਈ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਟੈਕਸੇਸ਼ਨ ਵਿਭਾਗ ਮੁਤਾਬਕ ਜੁਲਾਈ 2020 ਦੌਰਾਨ ਲੋਹੇ ਦੇ ਸਕਰੈਪ ਵਾਲੇ ਵਾਹਨਾਂ ‘ਤੇ 1.76 ਕਰੋੜ ਰੁਪਏ, ਲੋਹੇ ਅਤੇ ਸਟੀਲ ਵਿੱਚ ਤਿਆਰ ਮਾਲ ਵਾਲੇ ਵਾਹਨਾਂ ‘ਤੇ 1.12 ਕਰੋੜ ਰੁਪਏ, ਪ੍ਰਚੂਨ, ਮਿਸ਼ਰਤ ਚੀਜ਼ਾਂ ਲਿਜਾਣ ਵਾਲੇ ਵਾਹਨਾਂ ‘ਤੇ 65 ਲੱਖ ਰੁਪਏ, ਐਲੂਮੀਨੀਅਮ ਸਕਰੈਪ, ਤਾਂਬਾ ਸਕਰੈਪ ਵਾਲੀਆਂ ਗੱਡੀਆਂ ‘ਤੇ 15.5 ਲੱਖ ਰੁਪਏ, ਸਿਗਰੇਟ/ਤੰਬਾਕੂ ਉਤਪਾਦ ਲਿਜਾਣ ਵਾਲੀਆਂ ਗੱਡੀਆਂ ‘ਤੇ 7.5 ਲੱਖ ਰੁਪਏ ਅਤੇ ਹੋਰ ਵੱਖ-ਵੱਖ ਚੀਜ਼ਾਂ ਲਿਜਾਣ ਵਾਲੇ ਵਾਹਨਾਂ ‘ਤੇ 34.81 ਲੱਖ ਜੁਰਮਾਨਾ ਲਗਾਇਆ ਗਿਆ ਹੈ।
ਜੁਲਾਈ ਮਹੀਨੇ ਦੌਰਾਨ ਪੰਜਾਬ ਵਿੱਚ ਮੋਬਾਈਲ ਵਿੰਗ ਵਿੱਚ ਤਾਇਨਾਤ ਵੱਖ-ਵੱਖ ਅਧਿਕਾਰੀਆਂ ਵਿੱਚੋਂ ਮੋਬਾਈਲ ਵਿੰਗ ਚੰਡੀਗੜ੍ਹ-2 ਵਿੱਚ ਕੰਮ ਕਰ ਰਹੇ ਐਸ.ਟੀ.ਓ. ਰਾਜੀਵ ਸ਼ਰਮਾ ਵੱਲੋਂ ਸਭ ਤੋਂ ਜ਼ਿਆਦਾ 21 ਟੈਕਸ ਚੋਰੀ ਦੇ ਕੇਸ ਫੜੇ ਜਿਨ੍ਹਾਂ ‘ਤੇ ਕੁੱਲ 55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸ ਮਹੀਨੇ ਇਕੋ ਕੇਸ ਵਿੱਚ ਵੱਧ ਤੋਂ ਵੱਧ ਲਗਾਇਆ ਗਿਆ ਜੁਰਮਾਨਾ 14 ਲੱਖ ਰੁਪਏ ਹੈ। ਇਹ ਤਾਂਬੇ ਦੇ ਸਕਰੈਪ ਅਤੇ ਐਲੂਮੀਨੀਅਮ ਸਕਰੈਪ ਦੀ ਕਰੀਬ 45 ਲੱਖ ਰੁਪਏ ਦੀ ਜਾਅਲੀ ਖਰੀਦ ਦਾ ਮਾਮਲਾ ਸੀ। ਇਹ ਕਾਰਵਾਈ ਐਸ.ਟੀ.ਓ. ਰਾਜੀਵ ਸ਼ਰਮਾ ਦੁਆਰਾ ਸ਼ੰਭੂ ਨੇੜੇ ਜੀ.ਟੀ. ਰੋਡ ‘ਤੇ ਕੀਤੀ ਵਾਹਨਾਂ ਦੀ ਚੈਕਿੰਗ ਦੌਰਾਨ ਕੀਤੀ ਗਈ।