The Chief Minister :ਚੰਡੀਗੜ੍ਹ : ਭਾਰਤੀ ਫੌਜ ਦੇ ਸੂਬੇਦਾਰ ਰਾਜੇਸ਼ ਕੁਮਾਰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਪਾਕਿਸਤਾਨੀ ਫੌਜੀਆਂ ਦੀ ਗੋਲੀਬਾਰੀ ‘ਚ ਸ਼ਹੀਦ ਹੋ ਗਏ। ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿਖੇ ਸੀਜ਼ ਫਾਇਰ ਦੀ ਉਲੰਘਣਾ ਰੋਜ਼ਾਨਾ ਕੀਤੀ ਜਾ ਰਹੀ ਹੈ। ਇਸੇ ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਰਹਿਣ ਵਾਲੇ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ ਹੋ ਗਏ। ਉਨ੍ਹਾਂ ਦੀ ਉਮਰ 40 ਸਾਲ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇਦਾਰ ਰਾਜੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਸੂਬੇਦਾਰ ਰਾਜੇਸ਼ ਕੁਮਾਰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਤਾਇਨਾਤ 66 ਆਰ. ਟੀ. ਬਟਾਲੀਅਨ ਵਿੱਚ ਨਿਯੁਕਤ ਸਨ। ਰਾਜੇਸ਼ ਕੁਮਾਰ ਹੁਸ਼ਿਆਰਪੁਰ ਜਿਲ੍ਹੇ ਦੇ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਸਵੇਰੇ ਲਗਭਗ ਸਾਢੇ 3 ਵਜੇ ਪਾਕਿਸਤਾਨੀ ਫੌਜ ਦੀ ਗੋਲੀਬਾਰੀ ‘ਚ ਸੂਬੇਦਾਰ ਰਾਜੇਸ਼ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪੇਟ ਤੇ ਗਲੇ ਵਿੱਚ ਗੋਲੀਆਂ ਵੱਜੀਆਂ ਸਨ। ਰਾਜੇਸ਼ ਕੁਮਾਰ ਦੀ ਸ਼ਹਾਦਤ ਦੀ ਖਬਰ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਮੁੱਖ ਮੰਤਰੀ ਨੇ ਵੀ ਉਨ੍ਹਾਂ ਦੀ ਸ਼ਹੀਦੀ ‘ਤੇ ਦੁੱਖ ਪ੍ਰਗਟ ਕੀਤਾ ਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸੂਬੇਦਾਰ ਰਾਜੇਸ਼ ਕੁਮਾਰ ‘ਤੇ ਮਾਣ ਹੈ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਾਜੇਸ਼ ਕੁਮਾਰ ਬਹੁਤ ਹੀ ਬਹਾਦੁਰ ਯੋਧਾ ਸਨ ਜਿਨ੍ਹਾਂ ਨੇ ਦੇਸ਼ ਖਾਤਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹਾਦਤ ਪਾਈ ਹੈ। ਰਾਜੇਸ਼ ਕੁਮਾਰ ਦੇ ਪਿਤਾ ਰਾਮਚੰਦ ਵੀ ਫੌਜ ਤੋਂ ਹੀ ਰਿਟਾਇਰਡ ਹੋਏ ਹਨ। ਰਾਜੇਸ਼ ਕੁਮਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਆਪਣੇ ਪਿੱਛੇ ਮਾਪੇ, ਪਤਨੀ, 13 ਸਾਲਾ ਲੜਕੀ ਰੀਆ ਤੇ 11 ਸਾਲਾ ਲੜਕਾ ਜਤਿਨ ਛੱਡ ਗਏ ਹਨ।