The Chief Minister announced : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਲੀ ਲੈਬ ਵੱਲੋਂ ਕਥਿਤ ਕੋਵਿਡ ਟੈਸਟ ਘੁਟਾਲੇ ਦੀ ਜਾਂਚ ਲਈ ਐਤਵਾਰ ਨੂੰ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਐਲਾਨ ਕੀਤਾ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਿੱਜੀ ਹਸਪਤਾਲਾਂ ਜਾਂ ਲੈਬੋਰਟਰੀਆਂ ਨੂੰ ਮਹਾਮਾਰੀ ਦੌਰਾਨ ਸੰਕਟ ‘ਚ ਫਸੇ ਲੋਕਾਂ ਤੋਂ ਮੁਨਾਫਾ ਨਹੀਂ ਹੋਣ ਦੇਵੇਗੀ।
ਕੈਪਟਨ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਤੇ ਲੈਬਾਰਟਰੀਆਂ ਨੂੰ ਪਹਿਲਾਂ ਤੋਂ ਆਰਥਿਕ ਸੰਕਟ ਨਾਲ ਜੂਝ ਰਹੀ ਮਨੁੱਖਤਾ ਤੋਂ ਮੁਨਾਫਾਖੋਰੀ ਰਾਹੀਂ ਹੱਥ ਰੰਗਣ ਦੀ ਕਦੇ ਵੀ ਇਜਾਜ਼ਤ ਨਹੀਂ ਦੇਵੇਗੀ। ਆਪਣੇ #AskCaptain ਸੋਸ਼ਲ ਮੀਡੀਆ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਲੀ ਲੈਬ ਖਿਲਾਫ ਸ਼ਿਕਾਇਤ ਮਿਲੀ ਸੀ ਅਤੇ ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ। ਪਰ ਜਦੋਂ ਮੁਢਲੀ ਜਾਂਚ ਤੋਂ ਪਤਾ ਚੱਲਿਆ ਕਿ ਕਿਸੇ ਸਰਕਾਰੀ ਵਿਭਾਗ ਜਾਂ ਅਧਿਕਾਰੀ ਦੀ ਕੋਈ ਸ਼ਮੂਲੀਅਤ ਨਹੀਂ ਸੀ ਤਾਂ ਜਾਂਚ ਪੰਜਾਬ ਪੁਲਿਸ ਦੇ ਹੱਥ ਦੇ ਦਿੱਤੀ ਗਈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਜੀਠੀਆ ਨੂੰ ਇਸ ਤਰਾਂ ਦਾ ਬੇਅਰਥ ਮੁੱਦਾ ਉਠਾਉਣ ਅਤੇ ਪੰਜਾਬ ਪੁਲਿਸ ਦਾ ਆਤਮ-ਵਿਸ਼ਵਾਸ ਕਮਜ਼ੋਰ ਕਰਨ ਦੀ ਥਾਂ ਆਪਣਾ ਸਮਾਂ ਅਤੇ ਸ਼ਕਤੀ ਬਰਗਾੜੀ ਅਤੇ ਹੋਰ ਬੇਅਦਬੀ ਮਾਮਲਿਆਂ ਅਤੇ ਬਾਅਦ ਦੀਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ‘ਚ ਪੁਲੀਸ ਜਾਂਚ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੇ ਦਖਲ ਨੂੰ ਰੋਕਣ ਲਈ ਅਕਾਲੀਆਂ ਦੇ ਦਿੱਲੀ ਵਿਚਲੇ ਸਿਆਸੀ ਆਕਾਵਾਂ ‘ਤੇ ਦਬਾਓ ਬਣਉਣ ‘ਤੇ ਲਾਉਣੀ ਚਾਹੀਦੀ ਹੈ। 3 ਮੈਂਬਰੀ ਐਸਆਈਟੀ ਦੀ ਅਗਵਾਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕਰਨਗੇ ਅਤੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਬਤੌਰ ਮੈਂਬਰ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ SIT ਇਸ ਘਪਲੇ ਸਬੰਧੀ ਵਿਸਥਾਰਤ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ ਜਲਦੀ ਹੀ ਪੇਸ਼ ਕਰੇਗੀ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।