The Chief Minister announced : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸੂਬੇ ‘ਚ ਰਾਤ 9 ਵਜੇ ਤੋਂ ਕਰਫ਼ਿਊ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਸ਼ਨੀਵਾਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ 9 ਵਜੇ ਰਾਤ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਵੱਡੇ ਸ਼ਹਿਰਾਂ,ਕਸਬਿਆਂ ਨੂੰ ਸਰਕਾਰੀ ਅਤੇ ਨਿੱਜੀ ਦੋਵਾਂ ਸਹੂਲਤਾਂ ‘ਤੇ ਬੀਮਾਰੀ ਦੇ ਇਲਾਜ ਲਈ ਏਕੀਕ੍ਰਿਤ ਪ੍ਰਬੰਧਨ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਵੀਰਵਾਰ ਨੂੰ 1050 ਕੇਸ ਹੋਰ ਆਉਣ ਨਾਲ ਸੂਬੇ ਵਿੱਚ ਕੇਸਾਂ ਦੀ ਗਿਣਤੀ 20,891 ’ਤੇ ਪਹੁੰਚ ਗਈ ਹੈ। ਮੁੱਖ ਮੰਤਰੀ ਨੇ ਲਾਜ਼ਮੀ ਤੌਰ ’ਤੇ ਮਾਸਕ ਪਾਉਣ ਦੇ ਅਮਲ ਲਈ ਇਕ ਹਫ਼ਤੇ ਦੇ ਟਰਾਇਲ ਦਾ ਵੀ ਐਲਾਨ ਕੀਤਾ ਜਿਸ ਤਹਿਤ ਮਾਸਕ ਪਹਿਨਣ ਦੇ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ’ਤੇ ਹੀ ਇਕ ਘੰਟਾ ਮਾਸਕ ਪਹਿਨ ਕੇ ਖੜਨਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਆਪਣੇ ਆਪ ਦਾ ਛੇਤੀ ਟੈਸਟ ਕਰਵਾਉਣ ਅਤੇ ਢੁਕਵੇਂ ਹਸਪਤਾਲ ਤੋਂ ਇਲਾਜ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸਿੱਧੇ ਪ੍ਰਾਈਵੇਟ ਹਸਪਤਾਲਾਂ ਵੱਲ ਵੀ ਨਾ ਭੱਜਣ ਦੀ ਅਪੀਲ ਕੀਤੀ ਕਿਉਂ ਜੋ ਸਰਕਾਰੀ ਹਸਪਤਾਲਾਂ ਵਿੱਚ ਵੀ ਬਿਹਤਰ ਇਲਾਜ ਉਪਲਬਧ ਹੈ।
ਮੁੱਖ ਮੰਤਰੀ ਨੇ ਸੂਬੇ ਵਿੱਚ ਕੋਵਿਡ ਦੀ ਲਾਗ ਅਤੇ ਪਾਜ਼ੇਟਿਵ ਕੇਸਾਂ ਦੇ ਵਾਧੇ ’ਤੇ ਫਿਕਰਮੰਦੀ ਜ਼ਾਹਰ ਕੀਤੀ ਜੋ ਪਿਛਲੇ ਇਕ ਹਫ਼ਤੇ ਵਿੱਚ ਲਏ ਸੈਂਪਲਾਂ ਵਿੱਚੋਂ 8.50 ਫੀਸਦੀ ਅਜਿਹੇ ਕੇਸ ਪਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ ਦਾ ਸਿਖਰ ਅਗਸਤ ਦੇ ਅਖੀਰ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਆਉਣ ਦੀ ਸੰਭਾਵਨਾ ਹੈ ਜਿਸ ਕਰਕੇ ਰੋਜ਼ਾਨਾ ਕੇਸ ਵਧਣ ਦੀ ਗਿਣਤੀ ਦੇ ਸਿਖਰ ਦਾ ਵੀ ਕਿਆਸ ਨਹੀਂ ਲਾਇਆ ਜਾ ਸਕਦੀ। ਹਾਲ ਹੀ ਵਿੱਚ ਬਠਿੰਡਾ, ਬਰਨਾਲਾ, ਫਿਰੋਜ਼ਪੁਰ ਵਰਗੇ ਜ਼ਿਲਿਆਂ ਵਿੱਚ ਵੀ ਕੇਸ ਵਧਣ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਇਸ ਸਥਿਤੀ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਇਸ ਔਖੀ ਸਥਿਤੀ ਵਿੱਚ ਤਕੜੇ ਹੋ ਕੇ ਰਹਿਣ ਅਤੇ ਬਿਮਾਰੀ ਦਾ ਮਜ਼ਬੂਤੀ ਤੇ ਦਿੜ੍ਹਤਾ ਨਾਲ ਸਾਹਮਣਾ ਕਰਨ ਦੀ ਅਪੀਲ ਵੀ ਕੀਤੀ।