The ED has expressed : ਪੰਜਾਬ ਵਿੱਚ ਜ਼ਹਿਰੀਲੀ ਅਤੇ ਨਕਲੀ ਸ਼ਰਾਬ ਮਾਮਲੇ ਦੇ ਤਾਰ ਹੁਣ ਹਰਿਆਣਾ ਤੇ ਰਾਜਸਥਾਨ ਨਾਲ ਵੀ ਜੁੜ ਗਏ ਹਨ। ਨਕਲੀ ਸ਼ਰਾਬ ਬਣਾਉਣ ਦੇ ਮਾਮਲੇ ਵਿੱਚ ਈ. ਡੀ. ਨੇ 13 FIR ਦੀ ਸਾਂਝੀ ਰਿਪੋਰਟ ਤਿਆਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਵਿੱਚ ਹਰਿਆਣਾ ਬਾਰਡਰ ਕੋਲ ਸ਼ੰਭੂ ‘ਚ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦਾ ਕੇਸ ਵੀ ਸ਼ਾਮਲ ਹੈ। ਇਸ ਕੇਸ ਵਿੱਚ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਨੇੜਲੇ ਕਾਂਗਰਸ ਸਰਪੰਚ ਅਮਰੀਕ ਸਿੰਘ ਸਮੇਤ 6 ਲੋਕ ਨਾਮਜ਼ਦ ਹਨ। ਇਨ੍ਹਾਂ ਵਿੱਚੋਂ 6 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ 5 ਵਿੱਚੋਂ ਚਾਰ ਨੂੰ ਜ਼ਮਾਨਤ ਵੀ ਮਿਲ ਗਈ ਜਦੋਂਕਿ ਫਰਾਰ 6ਵਾਂ ਦੋਸ਼ੀ ਵੀ ਅਗਲੇਰੀ ਜ਼ਮਾਨਤ ਹਾਸਲ ਕਰਨ ਵਿੱਚ ਕਾਮਯਾਬ ਰਿਹਾ।
ਅਜਿਹੇ ਹੀ ਕੁਝ ਕੇਸਾਂ ਨੂੰ ਆਧਾਰ ਬਣਾ ਕੇ ਈਡੀ ਨੇ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕਿਆ ਹੈ। ਈਡੀ ਮੁਤਾਬਕ ਨਕਲੀ ਸ਼ਰਾਬ ਤਿਆਰ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਨੇ ਐਕਸ਼ਨ ਤਾਂ ਲਿਆ ਪਰ ਮਾਫੀਆ ਤਕ ਪਹੁੰਚ ਨਹੀਂ ਸਕੀ। ਨਕਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਕੈਮੀਕਲ ਕਿਹੜੀਆਂ ਫੈਕਟਰੀਆਂ ਵਿੱਚ ਤਿਆਰ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਨੂੰ ਇਸ ‘ਚ ਕਈ ਵੱਡੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਵੀ ਸ਼ੰਕਾ ਹੈ। ਈਡੀ ਨੇ ਦੱਸਿਆ ਕਿ ਨਕਲੀ ਸ਼ਰਾਬ ਤਿਆਰ ਕਰਨ ਲਈ ਰਾਅ ਮਟੀਰੀਅਲ ਮੁਹੱਈਆ ਕਰਵਾਉਣ ਤੇ ਸ਼ਰਾਬ ਤਿਆਰ ਕਰਨ ਤੋਂ ਬਾਅਦ ਵੀ ਇਨ੍ਹਾਂ ਦੋਵੇਂ ਰਾਜਾਂ ਦੇ ਕੁਝ ਲੋਕਾਂ ਦੀ ਭੂਮਿਕਾ ਹੈ।
ਈਡੀ ਨੇ ਪੰਜਾਬ ਦੇ 5 ਜਿਲ੍ਹਿਆਂ ‘ਚ ਦਰਜ 13 FIR ਨੂੰ ਆਧਾਰ ਬਣਾਇਆ। ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਬਟਾਲਾ ਤੇ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਇੱਕ ਹਫਤੇ ਦੇ ਅੰਦਰ ਸਾਰੇ ਮਾਮਲਿਆਂ ਦੀ ਰਿਪੋਰਟ ਮੰਗੀ ਹੈ। ਪਟਿਆਲਾ ਦੇ ਸ਼ੰਭੂ ‘ਚ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਮਾਮਲੇ ‘ਚ ਈ. ਡੀ. ਦੇ ਅਧਿਕਾਰੀ ਨਿਰੰਜਣ ਸਿੰਘ ਇੱਕ ਵਾਰ ਖੁਦ ਤੇ ਦੂਜੀ ਵਾਰ ਆਫਿਸ ਦੇ ਹੋਰ ਅਧਿਕਾਰੀ ਐੱਸ. ਐੱਸ. ਪੀ. ਆਫਿਸ ਪਟਿਆਲਾ ਵਿੱਚ FIR ਦੀ ਕਾਪੀ ਲੈਣ ਗਏ ਸਨ ਪਰ ਉਨ੍ਹਾਂ ਨੂੰ ਦਸਤਾਵੇਜ਼ ਨਹੀਂ ਸੌਂਪੇ ਗਏ। ਇਸੇ ਤਰ੍ਹਾਂ ਹੋਰ ਸ਼ਹਿਰਾਂ ਦੀ ਪੁਲਿਸ ਨੇ ਵੀ ਰਿਕਾਰਡ ਨਹੀਂ ਦਿੱਤਾ। ਹੁਣ ਈ. ਡੀ. ਨੇ ਆਪਣੇ ਪੱਤਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।