The government hospital: ਬੱਸੀ ਪਠਾਣਾਂ : ਉਂਝ ਤਾਂ ਸਿਹਤ ਵਿਭਾਗ ਵਲੋਂ ਗਰਭਵਤੀ ਔਰਤਾਂ ਲਈ ਸਹੂਲਤਾਂ ਦੇ ਬਹੁਤ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਕਾਰੀ ਹਸਪਤਾਲਾਂ ਵਿਚ ਉਨ੍ਹਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਜਦੋਂ ਬੱਸੀ ਪਠਾਣਾਂ ਵਿਖੇ ਇਕ ਗਰਭਵਤੀ ਔਰਤ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਸ ਕੋਲ ਕੋਰੋਨਾ ਰਿਪੋਰਟ ਨਹੀਂ ਸੀ। ਗਰਭਵਤੀ ਔਰਤ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਸ ਵਲੋਂ ਕਾਰ ਵਿਚ ਹੀ ਬੱਚੀ ਨੂੰ ਜਨਮ ਦਿੱਤਾ ਗਿਆ ਤੇ ਫਿਰ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਲੋਕਾਂ ਦੇ ਮਨ ਵਿਚ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਪ੍ਰਤੀ ਰੋਸ ਹੈ।
ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਰੇਖਾ ਗਰਭਵਤੀ ਸੀ। ਉਸ ਦਾ ਇਲਾਜ ਸਰਕਾਰੀ ਹਸਪਤਾਲ ਵਿਕੇ ਚੱਲਰਿਹਾ ਸੀ। ਸ਼ੁੱਕਰਵਾਰ ਸਵੇਰੇ ਜਦੋਂ ਉਸ ਨੂੰ ਦਰਦ ਹੋਣ ਲੱਗੀ ਤਾਂ ਹਸਪਤਾਲ ਵਿਚ ਉਹ ਚੈਕਅੱਪ ਕਰਵਾਉਣ ਗਏ ਤਾਂ ਡਾਕਟਰਾਂ ਨੇ ਔਰਤ ਦੀ ਕੋਰੋਨਾ ਟੈਸਟ ਕਰਨ ਦੀ ਸ਼ਰਤ ਰੱਖੀ ਤੇ ਕਿਹਾ ਕਿ ਡਲਿਵਰੀ ਬਾਅਦ ਵਿਚ ਕੀਤੀ ਜਾਵੇਗੀ। ਸੁਨੀਲ ਕੁਮਾਰ ਨੇ ਡਾਕਟਰਾਂ ਨੂੰ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਕਾਫੀ ਮਿੰਨਤਾਂ ਵੀ ਕੀਤੀਆਂ ਪਰ ਉਨ੍ਹਾਂ ਨੇ ਇਕ ਨਾ ਸੁਣੀ ਜਿਸ ਕਾਰਨ ਉਹ ਵਾਪਸ ਘਰ ਆ ਗਏ। ਪ੍ਰਸੂਤਾ ਦਰਦ ਹੋਣ ‘ਤੇ ਔਰਤ ਨੂੰ ਕਾਰ ਤੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਜਾ ਰਿਹਾ ਸੀ ਕਿ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਬੱਚੀ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਦੋਵਾਂ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਦੂਜੇ ਪਾਸੇ ਜਦੋਂ ਸਰਕਾਰੀ ਹਸਪਤਾਲ ਤੋਂ ਇਸ ਬਾਰੇ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਟਾਫ ‘ਤੇ ਲਗਾਏ ਗਏ ਸਾਰੇ ਦੋਸ਼ ਗਲਤ ਹਨ। ਉਨ੍ਹਾਂ ਦੱਸਿਆ ਕਿ ਔਰਤ ਰੁਟੀਨ ਚੈਕਅਪ ਲਈ ਆਈ ਸੀ। ਉਸ ਕੋਲ ਪਿਛਲੇ ਟੈਸਟ ਦੀ ਕੋਈ ਰਿਪੋਰਟ ਨਹੀਂ ਸੀ। ਸਰਕਾਰੀ ਹਦਾਇਤਾਂ ਮੁਤਾਬਕ ਉਸ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਹ ਚਲੀ ਗਈ।