The International Stadium : ਚੰਡੀਗੜ੍ਹ : ਨਵਾਂ ਬਣਿਆ ਮੁੱਲਾਂਪੁਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਹੁਣ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਦੇ ਨਾਂ ਤੋਂ ਜਾਣਿਆ ਜਾਵੇਗਾ। 1934 ਵਿਚ ਭਾਰਤ ਲਈ ਇਕੋ ਇਕ ਟੈਸਟ ਮੈਚ ਖੇਡਣ ਵਾਲੇ ਯਾਦਵਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਸਨ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਅਪੈਕਸ ਕਮੇਟੀ ਦੇ ਮੈਂਬਰ ਦੀ ਸ਼ਨੀਵਾਰ ਨੂੰ ਮੋਹਾਲੀ ਦੇ ਪੀ. ਸੀ. ਏ. ਸਟੇਡੀਅਮ ਵਿਚ ਹੋਈ ਬੈਠਕ ਵਿਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਗੁਪਤਾ ਨੇ ਕੀਤੀ।
ਇਸ ਫੈਸਲੇ ਤੋਂ ਇਲਾਵਾ ਬੈਠਕ ਵਿਚ ਨਵੇਂ ਸੈਸ਼ਨ ‘ਚ 40 ਕ੍ਰਿਕਟ ਖਿਡਾਰੀਆਂ ਦਾ ਐਗਰੀਮੈਂਟ ਕੀਤਾ ਗਿਆ ਜਿਸ ਵਿਚ 30 ਮਰਦ ਅਤੇ 10 ਮਹਿਲਾ ਕ੍ਰਿਕਟਰ ਸ਼ਾਮਲ ਹਨ। ਮੋਹਾਲੀ ਨੂੰ ਅਪਗ੍ਰੇਡ ਕਰਨ ਦਾ ਵੀ ਫੈਸਲਾ ਲਿਆ ਗਿਆ। ਅਪੈਕਸ ਕਮੇਟੀ ਨੇ ਪੀ. ਸੀ. ਏ. ਅਪਗ੍ਰੇਡ ਕਰਨ ਲਈ 6 ਤੋਂ 10 ਕਰੋੜ ਰੁਪਏ ਦੇ ਬਜਟ ਨੂੰ ਹਰੀ ਝੰਡੀ ਦਿੱਤੀ ਹੈ। ਅਪਗ੍ਰੇਡ ਸਹੂਲਤਾਂ ਵਿਚ ਪੀ. ਸੀ. ਏ. ਵਿਚ ਇੰਟਰਨੈਸ਼ਨਲ ਲੈਵਲ ਦੀ ਕ੍ਰਿਕਟ ਅਕੈਡਮੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪਲੇਅਰ ਦੇ ਡ੍ਰੈਸਿੰਗ ਰੂਮ, ਕਲੱਬ ਹਾਊਸ ਨੂੰ ਹੋਰ ਬੇਹਤਰ ਕੀਤਾ ਜਾ ਰਿਹਾ ਹੈ।
ਪੀ. ਸੀ. ਏ. ਨੇ ਚੋਣ ਕਰਨ ਵਾਲਿਆਂ ਦੀ ਤਨਖਾਹ ਵਿਚ ਵੀ ਵਾਧਾ ਕਰ ਦਿੱਤਾ ਹੈ। ਹੁਣ ਸੀਨੀਅਰ ਚੋਣਕਾਰਾਂ ਨੂੰ 7 ਲੱਖ ਰੁਪਏ ਅਤੇ ਜੂਨੀਅਰ ਚੋਣਕਾਰਾਂ ਨੂੰ 5 ਲੱਖ ਰੁਪਏ ਮਿਲਣਗੇ। ਮੁੱਲਾਂਪੁਰ ਵਿਚ ਵਿਸ਼ਾਲ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਭਵਿੱਖ ਵਿਚ ਇਥੇ ਇੰਟਰਨੈਸ਼ਨਲ ਮੈਚ ਹੋਣਗੇ ਤੇ ਨਾਲ ਹੀ ਆਈ. ਪੀ. ਐੱਲ. ਮੁਕਾਬਲਿਆਂ ਲਈ ਵੀ ਇਹ ਆਦਰਸ਼ ਥਾਂ ਹੋਵੇਗੀ।