The issue of : ਚੰਡੀਗੜ੍ਹ : ਪੰਜਾਬ ‘ਚ ਰੇਲ ਸੇਵਾਵਾਂ ਫਿਰ ਬਹਾਲ ਹੋਣ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਪਹੁੰਚ ਗਿਆ ਹੈ। ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ‘ਚ ਰੇਲ ਸੇਵਾਵਾਂ ਫਿਰ ਤੋਂ ਬਹਾਲ ਕਰਨ ਦੀ ਗੁਹਾਰ ਲਗਾਈ। ਕਾਂਗਰਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਪੰਜਾਬ ‘ਚ ਜਲਦ ਹੀ ਟ੍ਰੇਨਾਂ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ। ਬੈਠਕ ਤੋਂ ਕਾਂਗਰਸ ਸੰਸਦ ਮੈਂਬਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨਾਲ ਕਾਫੀ ਚੰਗੇ ਮਾਹੌਲ ‘ਚ ਗੱਲਬਾਤ ਹੋਈ। ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਸ਼ਾਹ ਨੇ ਪੰਜਾਬ ‘ਚ ਜਲਦ ਰੇਲ ਸੇਵਾਵਾਂ ਬਹਾਲ ਕਰਨ ਦਾ ਭਰੋਸਾ ਦਿੱਤਾ।
ਬੈਠਕ ‘ਚ ਰੇਲ ਮੰਤਰੀ ਪੀਯੂਸ਼ ਗੋਇਲ ਵੀ ਹਾਜ਼ਰ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਗ੍ਰਹਿ ਮੰਤਰੀ ਨਾਲ ਸੰਸਦ ਮੈਂਬਰਾਂ ਦੀ ਬੈਠਕ ਚੱਲ ਰਹੀ ਸੀ ਤਾਂ ਰੇਲਵੇ ਬੋਰਡ ਦੇ ਚੇਅਰਮੈਨ ਵੀ. ਕੇ. ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਕਿ ਪੰਜਾਬ ‘ਚ ਪੈਸੰਜਰ ਅਤੇ ਮਾਲਗੱਡੀਆਂ ਇਕੱਠੀਆਂ ਹੀ ਚੱਲਣਗੀਆਂ। ਜੇਕਰ ਯਾਤਰੀ ਗੱਡੀਆਂ ਚਲਾਉਣ ਤੋਂ ਰੋਕਿਆ ਗਿਆ ਤਾਂ ਮਾਲਗੱਡੀਆਂ ਵੀ ਨਹੀਂ ਚੱਲਣਗੀਆਂ। ਕਾਂਗਰਸ ਸੰਸਦ ਮੈਂਬਰਾਂ ਜਸਵੀਰ ਸਿੰਘ ਡਿੰਪਾ ਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਬੈਠਕ ਤੋਂ ਬਾਅਦ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਰੇਲ ਸੇਵਾਵਾਂ ਜਲਦ ਬਹਾਲ ਹੋ ਜਾਣਗੀਆਂ। ਪੰਜਾਬ ਸਰਕਾਰ ਰੇਲ ਮੰਤਰਾਲੇ ਨਾਲ ਲਗਾਤਾਰ ਸੰਪਰਕ ‘ਚ ਹੈ ਤੇ ਮੰਤਰਾਲੇ ਦੀ ਅਸਲੀ ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।
ਬੈਠਕ ਦੌਰਾਨ 10,000 ਕਰੋੜ ਰੁਪਏ ਦੇ ਪੈਂਡਿੰਗ ਜੀ. ਐੱਸ. ਟੀ., ਕੇਂਦਰ ਵੱਲੋਂ ਬੰਦ ਕੀਤੇ ਗਏ ਰੂਰਲ ਡਿਵੈਲਪਮੈਂਟ ਫੰਡ ਦੀ ਮੰਗ ਵੀ ਕੀਤੀ ਗਈ। ਸੰਸਦ ਮੈਂਬਰਾਂ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਵੀ ਬੈਠਕ ਕੀਤੀ ਸੀ ਜੋ ਸੰਤੋਸ਼ਜਨਕ ਨਹੀਂ ਰਹੀ। ਰੇਲ ਮੰਤਰੀ ਤੋਂ ਤਸੱਲੀਬਖਸ਼ ਜਵਾਬ ਨਾ ਮਿਲਣ ਕਾਰਨ ਸੰਸਦ ਮੈਂਬਰਾਂ ਨੇ ਬੈਠਕ ਵਿਚ ਹੀ ਛੱਡ ਦਿੱਤੀ ਸੀ। ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦੋਸ਼ ਲਗਾਏ ਕਿ ਵੀਰਵਾਰ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸੰਸਦ ਮੈਂਬਰਾਂ ਨਾਲ ਬੈਠਕ ‘ਚ ਧਮਕੀ ਭਰੇ ਅੰਦਾਜ਼ ‘ਚ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਨੂੰ ਹੀ ਤਕਲੀਫ ਹੈ ਜਦੋਂ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਣਦਾ ਹੈ ਤਾਂ ਪੰਜਾਬ ਕਿਉਂ ਨਹੀਂ ਸੁਣਦਾ। ਤੁਹਾਡੇ ਮੁੱਖ ਮੰਤਰੀ ਨੇ ਸਾਡੇ ਕਾਨੂੰਨਾਂ ਖਿਲਾਫ ਆਪਣੇ ਬਿੱਲ ਪਾਸ ਕਰ ਲਏ। ਹੁਣ ਮਾਲਗੱਡੀਆਂ ਚਲਵਾਉਣ ਦੀ ਮੰਗ ਲੈ ਕੇ ਆ ਗਏ ਹਨ। ਬਿੱਟੂ ਨੇ ਕਿਹਾ ਕਿ ਪੀਯੂਸ਼ ਗੋਇਲ ਨੇ ਕਿਹਾ ਕਿ ਹੁਣ ਗੱਡੀਆਂ ਉਦੋਂ ਚੱਲਣਗੀਆਂ ਜਦੋਂ ਤੁਸੀਂ ਕੇਂਦਰੀ ਕਾਨੂੰਨਾਂ ਨੂੰ ਮੰਨ ਲਵੋਗੇ। ਤੁਹਾਨੂੰ ਹਰਿਆਣਾ ਦੇ ਕਿਸਾਨਾਂ ‘ਤੇ ਭਰੋਸਾ ਸੀ, ਉਹ ਵੀ ਤੁਹਾਡੇ ਨਾਲ ਨਹੀਂ ਆਏ। ਬਿੱਟੂ ਨੇ ਕਿਹਾ ਕਿ ਰੇਲ ਮੰਤਰੀ ਦੇ ਇਸ ਰਵੱਈਏ ਕਾਰਨ ਅਸੀਂ ਬੈਠਕ ਵਿਚ ਹੀ ਛੱਡ ਦਿੱਤੀ।