The Khalistani flag : ਬਠਿੰਡਾ : ਪਿਛਲੇ ਕੁਝ ਸਮੇਂ ਤੋਂ ਸੂਬੇ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਪਹਿਲਾਂ ਮੋਗਾ ਦੇ ਡੀ. ਸੀ. ਦਫਤਰ ਅਤੇ ਭੁੱਚੋ ਮੰਡੀ ਦੇ ਮਾਰਕੀਟ ਕਮੇਟੀ ਦਫਤਰ ਵਿਖੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ ਤੇ ਹੁਣ ਕੁਝ ਨੌਜਵਾਨਾਂ ਨੇ ਬਠਿੰਡਾ ਬਾਦਲ ਦੇ ਨੇੜੇ ਪੈਂਦੇ ਪਿੰਡ ਨਰੂਆਣਾ ਵਿਖੇ ਸਾਈਨ ਬੋਰਡ ‘ਤੇ ਖਾਲਿਸਤਾਨੀ ਝੰਡਾ ਲਹਿਰਾਇਆ ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਅਤੇ ਉਨ੍ਹਾਂ ਨੇ ਝੰਡਾ ਉਤਾਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਕਿਸੇ ਨੇ ਸੂਚਿਤ ਕੀਤਾ ਸੀ ਕਿ ਨਰੂਆਣਾ ਵਿਖੇ ਬਣੇ ਡਿਵਾਈਡਰ ‘ਤੇ ਲੱਗੇ ਸਾਈਨ ਬੋਰਡ ‘ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਹੈ। ਨੌਜਵਾਨ ਫਿਲਹਾਲ ਤਾਂ ਫਰਾਰ ਦੱਸੇ ਜਾ ਰਹੇ ਹਨ ਪਰ ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਬਾਦਲਾਂ ਦੇ ਪਿੰਡ ਇਸ ਤਰ੍ਹਾਂ ਖਾਲਿਸਤਾਨੀ ਝੰਡਾ ਮਿਲਣ ਨਾਲ ਪੁਲਿਸ ਵਿਭਾਗ ਤੇ ਖੁਫੀਆ ਮਹਿਕਮੇ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਹ ਸਾਰਾ ਕੁਝ ਖਾਲਿਸਤਾਨੀ ਲਹਿਰ ਚਲਾ ਰਹੇ ਗੁਰਪਤਵੰਤ ਸਿੰਘ ਪੰਨੂੰ ਦੇ ਕਹਿਣ ‘ਤੇ ਹੋ ਰਿਹਾ ਹੈ ਕਿਉਂਕਿ ਉਸ ਨੇ ਐਲਾਨ ਕੀਤਾ ਸੀ ਕਿ ਜਿਹੜਾ ਕੋਈ ਵੀ ਭਾਰਤ ਵਿੱਚ ਖਾਲਿਸਤਾਨੀ ਝੰਡਾ ਲਹਿਰਾਏਗਾ ਉਸ ਨੂੰ 500 ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਇਸੇ ਲਾਲਚ ‘ਚ ਆ ਕੇ ਨੌਜਵਾਨਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ। ਪੰਨੂੰ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਪਰ ਹੁਣ ਪੁਲਿਸ ਮਹਿਕਮਾ ਹੋਰ ਵੀ ਚੌਕੰਨਾ ਹੋ ਗਿਆ ਹੈ। ਜਦਕਿ DSP ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ‘ਚ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ।