The Punjab Government : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਦਰਜਾ-4 ਮੁਲਾਜ਼ਮਾਂ ਦੀ ਤਨਖਾਹ 1 ਸਤੰਬਰ ਨੂੰ ਜਾਰੀ ਕਰ ਦਿੱਤੀ ਗਈ ਸੀ ਤੇ ਜੋ ਬਾਕੀ ਰਹਿੰਦੇ ਸੀ ਵਰਗ ਦੇ ਮੁਲਾਜ਼ਮ ਹਨ, ਉਨ੍ਹਾਂ ਦੀ ਤਨਖਾਹ ਅੱਜ ਪੰਜਾਬ ਸਰਕਾਰ ਵਲੋਂ ਜਾਰੀ ਕਰ ਦਿੱਤੀ ਜਾਵੇਗੀ। ਭਾਵੇਂ ਸੂਬਾ ਸਰਕਾਰ ਦੇ ਵਿੱਤੀ ਹਾਲਾਤ ਕੋਰੋਨਾ ਸੰਕਟ ਕਾਰਨ ਕਾਫੀ ਖਰਾਬ ਹਨ ਪਰ ਮੁੱਖ ਮੰਤਰੀ ਨੇ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਕਰਮਚਾਰੀ ਜਾਂ ਮੁਲਾਜ਼ਮ ਦੀ ਤਨਖਾਹ ਨਾ ਰੋਕੀ ਜਾਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਕੋਰੋਨਾ ਕਾਰਨ ਮੁਲਾਜ਼ਮਾਂ ਦੀ ਆਰਥਿਕ ਸਥਿਤੀ ਕਾਫੀ ਕਮਜ਼ੋਰ ਹੋ ਗਈ ਹੈ ਪਰ ਹੁਣ ਤਨਖਾਹਾਂ ਮਿਲਣ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੇਗੀ।
ਕੋਰੋਨਾ ਨਾਲ ਸੂਬੇ ਦਾ ਹਰੇਕ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਨਾਲ ਪੰਜਾਬ ਸਰਕਾਰ ਦੀ ਆਮਦਨ ‘ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਤੇ ਆਮਦਨ ਵਿੱਚ 50 ਫੀਸਦੀ ਕਮੀ ਆਈ ਹੈ। ਪੰਜਾਬ ਸਰਕਾਰ ਭਾਵੇਂ ਵੇਜ ਐਂਡ ਮੀਨ ਵਿੱਚ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਵਲੋਂ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਦਾ ਖਰਚਾ 2300 ਕਰੋੜ ਰੁਪਏ ਦਾ ਹੈ। ਇਸੇ ਤਹਿਤ ਪੰਜਾਬ ਸਰਕਾਰ ਵਲੋਂ ਮਾਰਕੀਟ ਤੋਂ ਕਰਜ਼ਾ ਲੈਣ ਲਈ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਵਿੱਤੀ ਜਿੰਮੇਵਾਰੀ ਅਤੇ ਬਜਟ ਪ੍ਰਬੰਧ (ਦੂਜੀ ਸੋਧ ) ਬਿਲ 2020 ਪਾਸ ਕੀਤਾ ਹੈ ,ਜਿਸ ਨਾਲ ਪੰਜਾਬ ਸਰਕਾਰ ਹੁਣ ਮਾਰਕੀਟ ਤੋਂ 2 ਫ਼ੀਸਦੀ ਹੋਰ ਕਰਜ਼ਾ ਲੈ ਸਕੇਗੀ । ਪਹਿਲਾਂ ਸਰਕਾਰ ਮਾਰਕੀਟ ਤੋਂ 3 ਫੀਸਦੀ ਕਰਜ਼ਾ ਲੈ ਸਕਦੀ ਸੀ ਪਰ ਹੁਣ ਇਹ ਵੱਧ ਕੇ 5 ਫੀਸਦੀ ਹੋ ਗਈ ਹੈ।