The Punjab Government : ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਇੱਕ ਵਿਦਿਆਰਥੀ ਦੇ ਜੀਵਨ ‘ਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਸਕੂਲੀ ਵਿਦਿਆਰਥੀਆਂ ਵਾਸਤੇ ਸਰੀਰਕ ਸਿੱਖਿਆ ਨਾਲ ਸਬੰਧਤ ਕਿਰਿਆਵਾਂ ਨੂੰ ਲਾਜ਼ਮੀ ਕਰ ਦਿਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਤੇ ਇਹ ਹੁਕਮ ਕੋਰੋਨਾ ਵਾਇਰਸ ਖਤਮ ਹੋਣ ਤੋਂ ਬਾਅਦ ਸਕੂਲਾਂ ‘ਚ ਲਾਗੂ ਕੀਤਾ ਜਾਵੇਗਾ।
ਵਿਦਿਆਰਥੀਆਂ ਲਈ ਸਰੀਰਕ ਕਿਰਿਆਵਾਂ ਜ਼ਰੂਰੀ ਇਸ ਲਈ ਕੀਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਅੰਦਰ ਲੁਕੀ ਹੋਈ ਪ੍ਰਤਿਭਾ ਬਾਹਰ ਆ ਸਕੇ ਅਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਦਾ ਮਕਸਦ ਹੋਣਹਾਰ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਖੇਡਾਂ ਸਬੰਧੀ ਉੱਚ ਪੱਧਰੀ ਪਲੇਟਫਾਰਮ ਦੇਣਾ ਹੈ। ਸਰੀਰਕ ਕਿਰਿਆਵਾਂ ਨਾਲ ਵਿਦਿਆਰਥੀ ਸਰੀਰਕ ਤੌਰ ‘ਤੇ ਤੰਦਰੁਸਤ ਹੋਣਗੇ ਅਤੇ ਉਨ੍ਹਾਂ ‘ਚ ਲਚਕੀਲਾਪਣ ਆਏਗਾ ਤੇ ਮਾਪਸੇਸ਼ੀਆਂ ਮਜ਼ਬੂਤ ਹੋਣਗੀਆਂ। ਇਸ ਨਾਲ ਵਿਦਿਆਰਥੀਆਂ ਵਿੱਚ ਸ਼ਹਿਣਸ਼ੀਲਤਾ, ਇਕਾਗਰਤਾ ਤੇ ਪੜ੍ਹਾਈ ਪ੍ਰਤੀ ਦਿਲਚਸਪੀ ਵਾਧਾ ਹੋਵਗਾ ਅਤੇ ਸਰੀਰਕ ਸੰਤੁਲਣ ਪੈਦਾ ਹੋਣ ਤੋਂ ਇਲਾਵਾ ਉਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਹੋਵੇਗੀ। ਪਹਿਲੀ ਤੋਂ ਲੈ ਕੇ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਲਈ ਸਰੀਰਕ ਕਿਰਿਆਵਾਂ ਵਾਸਤੇ ਵੱਖ ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨਾਂ ਸਰੀਰਕ ਕਿਰਿਆਵਾਂ ਦੇ ਨਾਲ ਵਿਦਿਆਰਥੀਆਂ ਦਾ ‘ਖੇਡੋ ਪੰਜਾਬ, ਵਧੋ ਪੰਜਾਬ’ ਹੇਠ ਮੁਕੰਮਲ ਜਾਂਚ ਮੁਲਾਂਕਣ ਦਾ ਟੈਸਟ ਲਿਆ ਜਾਇਆ ਕਰੇਗਾ।