The remains of : ਭਾਰਤ-ਚੀਨ ਝੜੱਪ ਵਿਚ ਗਲਵਾਨ ਘਾਟੀ ਵਿਖੇ ਸ਼ਹੀਦ ਹੋਏ ਗੁਰਤੇਜ ਸਿੰਘ (23) ਦੀਆਂ ਅਸਥੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨੇੜੇ ਬਣੇ ਅਸਤ ਘਾਟ ਤੋਂ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਗ੍ਰੰਥੀ ਸਿੰਘ ਪ੍ਰਦੀਪ ਸਿੰਘ ਵਲੋਂ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਅਸਥੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ। ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼ਹੀਦ ਦੇ ਪਿਤਾ ਤੋਂ ਇਲਾਵਾ ਬਲਵੀਰ ਕੌਰ ਦਾਦੀ, ਬਲਵਿੰਦਰ ਕੌਰ ਮਾਸੀ, ਤਰਲੋਕ ਸਿੰਘ, ਗੁਰਪ੍ਰੀਤ ਸਿੰਘ ਭਰਾ, ਬਲਵੀਰ ਸਿੰਘ ਚਾਚਾ ਤੇ ਸਮੂਹ ਪਿੰਡ ਦੇ ਨੌਜਵਾਨਾਂ ਤੋਂ ਇਲਾਵਾ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਾਈ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਰਿਕਾਰਡ ਕੀਪਰ, ਫਤਿਹ ਸਿੰਘ ਤੇ ਅਜਾਇਬ ਸਿੰਘ ਆਦਿ ਹਾਜ਼ਰ ਸਨ।
ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਤੇਜ ਸਿੰਘ ਉਨ੍ਹਾਂ ਦਾ ਸਭ ਤੋਂ ਛੋਟਾ ਮੁੰਡਾ ਸੀ ਅਤੇ ਉਸ ਨੇ 12ਵੀਂ ਮੈਡੀਕਲ ਨਾਲ ਪਾਸ ਕੀਤੀ ਸੀ। ਗੁਰਤੇਜ ਕਬੱਡੀ ਦਾ ਖਿਡਾਰੀ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਲੜਕੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਅਪਾਹਜ ਹਨ ਅਤੇ ਉਨ੍ਹਾਂ ਕੋਲ ਸਿਰਫ ਦੋ ਢਾਈ ਕਿੱਲੇ ਹੀ ਜ਼ਮੀਨ ਹੈ। ਵਿਰਸਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਤੇਜ ਸਿੰਘ ਦਾ ਸਸਕਾਰ ਆਪਣੀ ਜ਼ਮੀਨ ‘ਤੇ ਹੀ ਕੀਤਾ ਹੈ ਤੇ ਉਹ ਉਥੇ ਗੁਰਤੇਜ ਸਿੰਘ ਦੀ ਯਾਦਗਾਰ ਬਣਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਕੰਮ ਲਈ ਸਰਕਾਰ ਦੀ ਮਦਦ ਦੀ ਅਪੀਲ ਕੀਤੀ।
ਵਿਰਸਾ ਸਿੰਘ ਨੇ ਆਪਣੇ ਦੋ ਲੜਕਿਆਂ ਲਈ ਸਰਕਾਰ ਤੋਂ ਨੌਕਰੀ ਦੀ ਵੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਗੁਰਤੇਜ ਸਿੰਘ ਅੰਮ੍ਰਿਤਧਾਰੀ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪਾਠ ਵੀ ਰੋਜ਼ਾਨਾ ਕਰਦਾ ਸੀ।