The rising number : ਚੰਡੀਗੜ੍ਹ : ਕੋਰੋਨਾ ਸੰਕਟ ਵਿੱਚ ਪਿਛਲੇ 6 ਮਹੀਨੇ ‘ਚ ਲਗਾਤਾਰ ਕਮਜ਼ੋਰ ਹੋਈ ਅਰਥ ਵਿਵਸਥਾ ਦਰਮਿਆਨ ਪੰਜਾਬ ‘ਚ ਪਿਛਲੇ ਸਾਲ ਹੋਈਆਂ ਆਤਮਹੱਤਿਆਵਾਂ ਦੇ ਅੰਕੜੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ‘ਚ ਪਿਛਲੇ ਸਾਲ ਆਤਮ ਹੱਤਿਆਵਾਂ ਦੀ ਗਿਣਤੀ ‘ਚ 37.5 ਫੀਸਦੀ ਦੀ ਵਾਧਾ ਦਰ ਦੇਸ਼ ‘ਚ ਬਿਹਾਰ ਤੋਂ ਬਾਅਦ ਸਭ ਤੋਂ ਵੱਧ ਰਹੀ ਹੈ। ਪੰਜਾਬ ‘ਚ ਪੂਰੇ ਪਰਿਵਾਰ ਵੱਲੋਂ ਆਤਮਹੱਤਿਆ ਦੇ ਵੀ 9 ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਅਜਿਹੀਆਂ ਸਮੂਹਿਕ ਆਤਮ ਹੱਤਿਆ ਦੇ ਸਭ ਤੋਂ ਵਧ ਕੇਸ ਤਾਮਿਲਨਾਡੂ ‘ਚ 16 ਘਟਨਾਵਾਂ, ਆਂਧਰਾ ਪ੍ਰਦੇਸ਼ ‘ਚ 14, ਕੇਰਲ ‘ਚ 11 ਮਾਮਲਿਆਂ ਨਾਲ ਪੰਜਾਬ ਇਸ ਮਾਮਲੇ ‘ਚ ਚੌਥੇ ਸਥਾਨ ‘ਤੇ ਰਿਹਾ ਹੈ।
ਪੰਜਾਬ ‘ਚ ਆਤਮਹੱਤਿਆਵਾਂ ਦੇ ਮਾਮਲਿਆਂ ‘ਚ ਇੱਕ ਹੀ ਸਾਲ ‘ਚ 643 ਮਾਮਲਿਆਂ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2018 ‘ਜ ਜਿਥੇ ਸੂਬੇ ‘ਚ 1714 ਆਤਮਹੱਤਿਆ ਦੇ ਮਾਮਲੇ ਸਾਹਮਣੇ ਆਏ ਸਨ, ਉਥੇ ਇਸ ਸਾਲ 2357 ਲੋਕਾਂ ਵੱਲੋਂ ਆਤਮ ਹੱਤਿਆ ਦੇ ਮਾਮਲੇ ਦਰਜ ਕੀਤੇ ਗਏ ਹਨ। ਸੂਬੇ ‘ਚ ਆਤਮ ਹੱਤਿਆ ਦੇ ਕੁੱਲ ਮਾਮਲਿਆਂ ‘ਚ 27.7 ਫੀਸਦੀ ਮਤਲਬ 654 ਮਾਮਲੇ ਬੀਮਾਰੀ ਕਾਰਨ ਆਤਮਹੱਤਿਆ ਕਰਨ ਵਾਲਿਆਂ ਦੇ ਹਨ। ਇਨ੍ਹਾਂ ‘ਚ 514 ਮਰਦ, 139 ਔਰਤਾਂ ਸ਼ਾਮਲ ਹਨ। ਸਾਲ 2018 ‘ਚ ਬੀਮਾਰੀ ਕਾਰਨ ਸੂਬੇ ‘ਚ 722 ਆਤਮਹੱਤਿਆ ਦੇ ਮਾਮਲੇ ਸਾਹਮਣੇ ਆਏ ਸਨ ਜੋ ਕੁੱਲ ਆਤਮ ਹੱਤਿਆਵਾਂ ਦੇ 42.1 ਫੀਸਦੀ ਰਹੇ ਸਨ।
ਇਸ ਤੋਂ ਇਲਾਵਾ ਮਾਨਸਿਕ ਰੋਗ ਦੀ ਵਜ੍ਹਾ ਕਾਰਨ 551 ਲੋਕਾਂ ਨੇ ਆਤਮਹੱਤਿਆ ਕੀਤੀ। ਸਾਲ 2018 ‘ਚ ਜਿਥੇ ਸਮਾਜਿਕ ਪ੍ਰਤਿਸ਼ਠਾ ਨੂੰ ਠੇਸ ਲੱਗਣ ‘ਤੇ ਕੁੱਲ 12 ਆਤਮ ਹੱਤਿਆ ਦੇ ਮਾਮਲੇ ਸਾਹਮਣੇ ਆਏ ਸਨ ਉਥੇ ਸਾਲ 2019 ‘ਚ ਇਹ ਗਿਣਤੀ 322 ਫੀਸਦੀ ਦੇ ਵਾਧੇ ਨਾਲ 42 ‘ਤੇ ਜਾ ਪੁੱਜੀ। ਸਾਲ 2019 ‘ਚ ਪ੍ਰਤਿਸ਼ਠਾ ਦੇ ਸਵਾਲ ‘ਤੇ 33 ਮਰਦਾਂ ਤੇ 39 ਔਰਤਾਂ ਨੇ ਆਤਮਹੱਤਿਆ ਕੀਤੀ। ਜਾਇਦਾਦ ਦੇ ਵਿਵਾਦਾਂ ਨੂੰ ਲੈ ਕੇ ਰਾਜ ‘ਚ ਹੋਣ ਵਾਲੀਆਂ ਆਤਮਹੱਤਿਆਵਾਂ ਦਾ ਗ੍ਰਾਫ ਤਿਗੁਣਾ ਵੱਧ ਗਿਆ ਹੈ। ਬੇਰੋਜ਼ਗਾਰੀ ਕਾਰਨ ਸੂਬੇ ‘ਚ ਆਤਮਹੱਤਿਆਵਾਂ ਦਾ ਗ੍ਰਾਫ ਤੇਜ਼ੀ ਨਾਲ ਉਪਰ ਗਿਆ ਹੈ। ਸਾਲ 2018 ‘ਚ ਜਿਥੇ 26 ਲੋਕਾਂ ਨੇ ਆਤਮਹੱਤਿਆ ਕੀਤੀ ਸੀ 2019 ‘ਚ ਇਹ ਗਿਣਤੀ 284 ਫੀਸਦੀ ਦੇ ਵਾਧੇ ਨਾਲ 74 ਤਕ ਪੁੱਜ ਗਈ ਸੀ, ਜੋ ਕਿ ਚਿੰਤਾ ਦਾ ਵਿਸ਼ਾ ਹੈ।