The Speaker rejected : ਸ਼੍ਰੋਮਣੀ ਅਕਾਲੀ ਦਲ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਸੈਸ਼ਨ ਦੇ ਵਿਸਤਾਰ ਦੀ ਮੰਗ ਕੀਤੀ ਸੀ ਪਰ ਅਕਾਲੀ ਦਲ ਦੀ ਇਸ ਮੰਗ ਨੂੰ ਸਪੀਕਰ ਨੇ ਖਾਰਜ ਕਰ ਦਿੱਤਾ ਹੈ। ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਨੂੰ ਗਲਤ ਦੱਸਿਆ ਹੈ। ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਵਿਧਾਨ ਸਭਾ ਸਪੀਕਰ ਨੇ ਸੂਬੇ ਅਤੇ ਉਸ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਤਤਕਾਲੀ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਵਿਧਾਨ ਸਭਾ ਸੈਸ਼ਨ ਦੇ ਵਿਸਤਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਸੂਬੇ ਦੇ ਇਤਿਹਾਸ ‘ਚ ਕਿਸੇ ਵੀ ਸਰਕਾਰ ਨੇ ਮਹਾਮਾਰੀ ਦੀ ਆਰ ‘ਚ ਇਕ ਘੰਟੇ ਦਾ ਸੈਸ਼ਨ ਆਯੋਜਿਤ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਖਤਰੇ ਦਾ ਹਵਾਲਾ ਦਿੰਦੇ ਹੋਏ ਇਕ ਘੰਟੇ ਦਾ ਸੈਸ਼ਨ ਆਯੋਜਿਤ ਕਰਨ ਦਾ ਕਾਂਗਰਸ ਸਰਕਾਰ ਦਾ ਫੈਸਲਾ ਬਿਲਕੁਲ ਗਲਤ ਹੈ। ਕਾਂਗਰਸ ਵਲੋਂ ਇਕ ਘੰਟੇ ਦੇ ਸੈਸ਼ਨ ਨੂੰ ਲੋਕਤੰਤਰ ਦੀ ਹੱਤਿਆ ਦੱਸਦੇ ਹੋਏ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਪਹਿਲਾਂ ਵੀ ਪੂਰਾ ਸੈਸ਼ਨ ਆਯੋਜਿਤ ਕਰਨ ਤੋਂ ਭੱਜ ਰਹੀ ਸੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਦੀ ਦਾ ਪਾਣੀ ਖੁਸਣ ਦਾ ਡਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਤੋਂ ਇਸ ਗੱਲ ਦਾ ਭਰੋਸਾ ਚਾਹੁੰਦਾ ਹੈ ਕਿ ਪਾਣੀ ਦੀ ਇਕ ਬੂੰਦ ਵੀ ਹਰਿਆਣਾ ਨੂੰ ਨਾ ਮਿਲੇ। ਅਕਾਲੀ ਦਲ ਨੇ ਕਿਹਾ ਕਿ ਉਹ ਵੀ ਰੇਤ ਮਾਫੀਆ ‘ਤੇ ਪੂਰੀ ਬਹਿਸ ਚਾਹੁੰਦਾ ਸੀ ਅਤੇ ਸੂਬੇ ਭਰ ‘ਚ ਮਾਫੀਆ ਵਲੋਂ ਟੈਕਸ ਵਸੂਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਸਰਕਾਰ ਨੇ ਬੀਜ ਘਪਲੇ, ਕੇਂਦਰੀ ਰਾਸ਼ਨ ਘਪਲੇ ਤੇ ਹੁਣੇ ਜਿਹੇ ਹੀ ਹੋਏ ਮਨਰੇਗਾ ਘਪਲੇ ਦੀ ਨਿਰਪੱਖ ਜਾਂਚ ਦਾ ਹੁਕਮ ਦੇਣ ਤੋਂ ਇਨਕਾਰ ਕਿਉਂ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਨਾ ਦਿੱਤੇ ਜਾਣ ਕਾਰਨ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੁਸੂਚਿਤ ਜਾਤੀ ਦੇ 50 ਹਜ਼ਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਿਗਰੀ ਨਹੀਂ ਮਿਲ ਰਹੀ ਕਿਉਂਕਿ ਇੰਸਟੀਚਿਊਟਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਜਦੋਂ ਤਕ ਪੈਸੇ ਨਹੀਂ ਮਿਲਣਗੇ ਉਦੋਂ ਤਕ ਉਨ੍ਹਾਂ ਨੂੰ ਡਿਗਰੀਆਂ ਨਹੀਂ ਮਿਲਣਗੀਆਂ।