The state government : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਨਾਲ ਨਿਪਟਣ ਦੇ ਪ੍ਰਬੰਧਾਂ, ਪ੍ਰਵਾਸੀ ਕਾਮਿਆਂ ਤੇ ਹੋਰ ਕੰਮਾਂ ‘ਤੇ ਲਗਭਗ 300 ਕਰੋੜ ਰੁਪਏ ਤੋਂ ਵਧ ਰਕਮ ਖਰਚੀ ਜਾ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹਤ ਫੰਡ ਵਿੱਚ ਬਾਕੀ ਪਏ 64,86,10,456 ਰੁਪਏ ਦੀ ਰਕਮ ਉਨ੍ਹਾਂ ਕਰੋੜਾਂ ਰੁਪਇਆ ਦੇ ਮੁਕਾਬਲੇ ਸਮੁੰਦਰ ਵਿੱਚ ਬੂੰਦ ਵਾਂਗ ਹਨ, ਜਿਹੜੇ ਉਨ੍ਹਾਂ ਦੀ ਸਰਕਾਰ ਕੋਵਿਡ-19 ਖਿਲਾਫ ਲੜਾਈ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ,ਪੀ.ਪੀ.ਈ ਕਿੱਟਾਂ ਦੀ ਖਰੀਦ, ਕੋਵਿਡ ਇਲਾਜ ਕੇਂਦਰਾਂ ਦੀ ਸਥਾਪਤੀ, ਵਧੀਕ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀ ਸ਼ਮੂਲੀਅਤ ਅਤੇ ਹੋਰ ਜ਼ਰੂਰੀ ਉਪਕਰਣਾਂ ‘ਤੇ ਪਹਿਲਾਂ ਹੀ ਖਰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ, ਸਿਹਤ ਵਿਭਾਗ ਵੱਲੋਂ ਇਕੱਲਿਆਂ ਹੀ ਹੋਰਨਾਂ ਜ਼ਰੂਰਤਾਂ ਦੇ ਨਾਲ-ਨਾਲ ਐਂਬੂਲੈਂਸਾਂ, ਆਕਸੀਜਨ ਸਿਲੰਡਰਾਂ, ਉਪਭੋਗੀ ਵਸਤਾਂ, ਦਵਾਈਆਂ, ਤਿੰਨ ਪਰਤੀ ਮਾਸਕਾਂ ਐਨ.95, ਪੀ.ਪੀ.ਈ, ਵੀ.ਟੀ.ਐਮ ਕਿੱਟਾਂ ਵਰਗੀਆਂ ਕੋਵਿਡ ਇਲਾਜ਼ ਲਈ ਜ਼ਰੂਰੀ ਚੀਜ਼ਾਂ ‘ਤੇ 150 ਕਰੋੜ ਦੇ ਕਰੀਬ ਰੁਪਏ ਖਰਚ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ 398 ਸ਼੍ਰਮਿਕ ਰੇਲ ਗੱਡੀਆਂ ਰਾਹੀਂ 5.20 ਲੱਖ ਪ੍ਰਵਾਸੀ ਕਿਰਤੀਆਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ‘ਚ ਘਰਾਂ ਤੱਕ ਪਹੁੰਚਾਉਣ ਲਈ 29.5 ਕਰੋੜ ਖਰਚ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਹੋਰ ਦੱਸਿਆ ਕਿ ਸੂਬੇ ਅੰਦਰ ਆਰਥਿਕ ਪੱਖੋਂ ਕਮਜ਼ੋਰ ਅਤੇ ਗਰੀਬਾਂ ਲਈ ਖੁਰਾਕੀ ਵਸਤਾਂ ਅਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ‘ਤੇ ਵੀ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਨਾਗਰਿਕਾਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਪਾਇਆ ਜਾ ਰਿਹਾ ਯੋਗਦਾਨ ਇਕ ਐਮਰਜੈਂਸੀ ਫੰਡ ਹੈ ਜਿਸ ਨੂੰ ਸੂਬਾ ਸਰਕਾਰ ਨੇ ਬਹੁਤ ਜ਼ਰੂਰੀ ਹਾਲਤਾਂ ਜਦੋਂ ਫੌਰੀ ਕੋਈ ਹੋਰ ਬਦਲਵਾਂ ਸਰੋਤ ਮੌਜੂਦ ਨਾ ਹੋਵੇ, ਮੌਕੇ ਲੋੜਾਂ ਦੀ ਪੂਰਤੀ ਲਈ ਖਰਚਣ ਲਈ ਰੱਖਿਆ ਹੈ।