The state government : ਪੰਜਾਬ ਵਿਚ ਹੁਣ ਕੋਵਿਡ ਪ੍ਰੋਟੋਕਾਲ ਦਾ ਉਲੰਘਣ ਕਰਨਾ ਮਹਿੰਗਾ ਸਾਬਤ ਹੋਵੇਗਾ। ਸਰਕਾਰ ਨੇ ਪ੍ਰੋਟੋਕਾਲ ਦਾ ਪਾਲਣ ਨਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਰੁਖ਼ ਅਪਣਾਉਂਦੇ ਹੋਏ ਉਨ੍ਹਾਂ ਦੀਆਂ ਦੁਕਾਨਾਂ ਨੂੰ ਤਿੰਨ ਦਿਨ ਤਕ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਹੈ ਤੇ ਫਿਰ ਵੀ ਦੁਕਾਨਦਾਰ ਨਹੀਂ ਮੰਨਦੇ ਹਨ ਤਾਂ ਉਹ ਕਾਰਵਾਈ ਅੱਗੇ ਵੀ ਵਧਾਈ ਜਾ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਰੇ ਜਿਲ੍ਹਿਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਸਬੰਧੀ ਸਾਰੀਆਂ ਤਿਆਰੀਆਂ ਦੀ ਸਮੀਖਿਆ ਲਈ।
ਮੁੱਖ ਮੰਤਰੀ ਨੇ ਵੀਰਵਾਰ ਨੂੰ ਜਿੰਮ ਖੋਲ੍ਹਣ ਸਮੇਤ ਅਨਲਾਕ 3.0 ਵਿਚ ਦਿੱਤੀਆਂ ਜਾਣ ਵਾਲੀਆਂ ਛੋਟਾਂ ‘ਤੇ ਡਿਪਟੀ ਕਮਿਸ਼ਨਰਾਂ ਦੇ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਰਾਤ ਦੇ ਕਰਫਿਊ ਸਮੇਤ ਅਨਲਾਕ 3.0 ਵਿਚ ਹੋਰ ਛੋਟਾਂ ‘ਤੇ ਆਖਰੀ ਫੈਸਲਾ ਉਨ੍ਹਾਂ ਦੇ ਸੁਝਾਅ ਅਤੇ ਵਿਚਾਰ ਜਾਣਨ ਤੋਂ ਬਾਅਦ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਰਾਂ ਤੋਂ ਸੁਝਾਅ ਮੁੱਖ ਸਕੱਤਰ ਵਿਨੀ ਮਹਾਜਨ ਤਕ ਪਹੁੰਚਾਉਣ ਲਈ ਕਿਹਾ ਜਿਸ ਤੋਂ ਬਾਅਦ ਸਰਕਾਰ ਵਲੋਂ ਵਿਚਾਰ ਚਰਚਾ ਕਰਕੇ ਆਖਰੀ ਫੈਸਲਾ ਲਿਆ ਜਾਵੇਗਾ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ 23 ਮਾਰਚ ਤੋਂ 29 ਜੁਲਾਈ ਤਕ ਉਲੰਘਣ ਦੇ ਵੱਖ-ਵੱਖ ਮਾਮਲਿਆਂ ਵਿਚ 14383 ਕੇਸ ਦਰਜ ਹੋਏ ਅਤੇ 19850 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਸੂਬੇ ਦੇ ਜ਼ਿਆਦਾ ਪ੍ਰਭਾਵਿਤ ਜਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਮੋਹਾਲੀ ਦੇ ਡੀ. ਸੀ. ਨੇ ਜਿਲ੍ਹਿਆਂ ਦੀ ਸਥਿਤੀ ਤੇ ਲੋਕਾਂ ਦੀ ਨਿਗਰਾਨੀ, ਟਰੈਕ, ਟੈਸਟ ਤੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਦੀ ਬੈਠਕ ਦੌਰਾਨ ਸੀ. ਐੱਮ. ਨੂੰ ਜਾਣਕਾਰੀ ਦਿੱਤੀ। ਸੂਬੇ ਵਿਚ ਇਸ ਸਮੇਂ 64 ਮਾਈਕ੍ਰੋ ਕੰਟੇਨਮੈਂਟ ਜ਼ੋਨ ਹਨ ਜਿਨ੍ਹਾਂ ਵਿਚ ਜਲੰਧਰ ਵਿਖੇ 16 ਜ਼ੋਨ ਹਨ। ਇਸ ‘ਚ 20 ਕਲਸਟਰ ਅਤੇ ਇਕ ਵਧ ਪ੍ਰਭਾਵਿਤ ਇਲਾਕਾ ਹੈ। ਇਸੇ ਤਰ੍ਹਾਂ ਵੱਡੀ ਗਿਣਤੀ ਵਿਚ ਕਲਸਟਰ ਅੰਮ੍ਰਿਤਸਰ ਵਿਚ ਹਨ। ਹਾਲਾਂਕਿ ਉਥੇ ਸਿਰਫ 2 ਹੀ ਮਾਈਕ੍ਰੋ ਕੰਟੇਨਮੈਂਟ ਜ਼ੋਨ ਹਨ।