The woman gave birth : ਖਰੜ : ਸੂਬਾ ਸਰਕਾਰ ਵਲੋਂ ਕੋਵਿਡ-19 ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਸਰਕਾਰੀ ਹਸਪਤਾਲ ਖਰੜ ਤੋਂ ਸਾਹਮਣੇ ਆਇਆ ਜਿਥੇ ਗਰਭਵਤੀ ਔਰਤ ਨੂੰ ਹਸਪਤਾਲ ਦੇ ਸਟਾਫ ਨੇ ਬਿਨਾਂ ਜਾਂਚ ਦੇ ਹੀ ਵਾਪਸ ਭੇਜ ਦਿੱਤਾ। ਸਟਾਫ ਵਾਲਿਆਂ ਨੇ ਉਕਤ ਔਰਤ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਵਾਪਸ ਪਰਤਦੇ ਸਮੇਂ ਔਰਤ ਦੀ ਆਟੋ ‘ਚ ਹੀ ਡਲਿਵਰੀ ਹੋ ਗਈ। ਸੂਚਨਾ ਮਿਲਦੇ ਹੀ ਇਲਾਕੇ ਦੇ ਸਮਾਜਿਕ ਵਰਕਰ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਦੀ ਮਦਦ ਕੀਤੀ।
ਸਮਾਜਿਕ ਵਰਕਰ ਰਘਵੀਰ ਸਿੰਘ ਬਡਾਲਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਹ ਪਿੰਡ ਬਡਾਲਾ ਦੇ ਬੱਸ ਸਟੈਂਡ ‘ਤੇ ਸਥਿਤ ਰਾਣਾ ਮੈਡੀਕਲ ਸਟੋਰ ਕੋਲ ਮੌਜੂਦ ਸਨ। ਇਸ ਦੌਰਾਨ ਇਕ ਆਟੋ ‘ਚ ਪ੍ਰਵਾਸੀ ਮਜ਼ਦੂਰਾਂ ਦਾ ਪਰਿਵਾਰ ਉਨ੍ਹਾਂ ਕੋਲ ਆਇਆ ਤੇ ਮਦਦ ਵਾਸਤੇ ਗੁਹਾਰ ਲਗਾਉਣ ਲੱਗਾ। ਇਸ ਦੌਰਾਨ ਉਸ ਨੇ ਦੇਖਿਆ ਕਿ ਆਟੋ ‘ਚ ਇਕ ਔਰਤ ਜਣੇਪਾ ਪੀੜਾ ਨਾਲ ਤੜਫਦੀ ਅਤੇ ਖੂਨ ਨਾਲ ਲੱਥਪੱਥ ਸੀ ਅਤੇ ਉਸ ਦਾ ਦੇਵਰ ਛੋਟੇ ਬੱਚੇ ਨੂੰ ਫੜ ਕੇ ਬੈਠਾ ਹੋਇਆ ਸੀ।
ਪੀੜਤਾ ਦੇ ਪਤੀ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਪੋਪਨਾ ਵਿਖੇ ਰਹਿੰਦਾ ਹੈ। ਉਹ ਆਪਣੀ ਗਰਭਵਤੀ ਪਤਨੀ ਨੂੰ ਲੈਕੇ ਪਿੰਡ ਦੇ ਸਿਹਤ ਕੇਂਦਰ ਗਿਆ ਸੀ ਜਿਥੇ ਏ. ਐੱਨ. ਐੱਮ. ਨਰਿੰਦਰਜੀਤ ਕੌਰ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਖਰੜ ਭੇਜ ਦਿੱਤਾ। ਪਤਨੀ ਨੂੰ ਲੈ ਕੇ ਉਹ ਹਸਪਤਾਲ ਪੁੱਜਾ ਤਾਂ ਡਿਊਟੀ ‘ਤੇ ਤਾਇਨਾਤ ਸਟਾਫ ਨੇ ਉਸ ਨੂੰ ਦਾਖਲ ਕਰਨ ਦੀ ਬਜਾਏ ਬਿਨਾਂ ਚੈੱਕ ਕੀਤੇ ਕਿਹਾ ਕਿ ਉਹ ਪੀ. ਜੀ. ਆਈ. ਚਲੇ ਜਾਣ। ਪੈਸੇ ਨਾ ਹੋਣ ‘ਤੇ ਉਹ ਆਪਣੀ ਪਤਨੀ ਨੂੰ ਆਟੋ ‘ਚ ਲੈਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਰਸਤੇ ‘ਚ ਹੀ ਉਸ ਨੂੰ ਜਣੇਪਾ ਦਰਦ ਸ਼ੁਰੂ ਹੋ ਗਿਆ ਤੇ ਉਸ ਨੇ ਆਟੋ ‘ਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਨ੍ਹਾਂਕਿਹਾ ਕਿ ਜੇਕਰ ਕੁਝ ਸਮਾਜਿਕ ਵਰਕਰ ਉਨ੍ਹਾਂ ਦੀ ਮਦਦ ਨਾ ਕਰਦੇ ਤਾਂ ਉਨ੍ਹਾਂ ਨਾਲ ਕੁਝ ਵੀ ਗਲਤ ਹੋ ਸਕਦਾ ਸੀ।