Three employees arrested : ਮਾਨਸਾ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਝੂਠੀਆਂ ਡੌਪ ਟੈਸਟ ਰਿਪੋਰਟਾਂ ਜਾਰੀ ਕਰਨ, ਫਰਜੀ ਹੈਂਡੀਕੈਪਡ ਸਰਟੀਫੀਕੇਟ ਦੇਣ, ਡਾਕਟਰੀ ਰਿਪੋਰਟਾਂ (ਐੱਮ. ਐੱਲ. ਆਰ) ਵਿੱਚ ਹੇਰਾਫੇਰੀ ਕਰਕੇ ਲੜਾਈ ਦੌਰਾਨ ਸੱਟਾਂ ਦੀ ਕਿਸਮ ਵਿੱਚ ਬਦਲਾਵ ਕਰਨ ਅਤੇ ਆਯੂਸ਼ਮਾਨ ਭਾਰਤ ਜਨ ਸਿਹਤ ਯੋਜਨਾ ਤਹਿਤ ਵੱਡੇ ਪੱਧਰ ’ਤੇ ਰਿਸ਼ਵਤ ਲੈਣ ਵਾਲੇ ਮਾਨਸਾ ਹਸਪਤਾਲ ਦੇ ਤਿੰਨ ਮੁਲਾਜ਼ਮਾਂ ਨੂੰ ਕਾਬੂ ਕਰਕੇ ਵੱਡੇ ਸਕੈਂਡਲ ਦਾ ਪਰਦਾਫਾਸ਼ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਸ੍ਰੀ ਬੀ.ਕੇ ਉੱਪਲ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ, ਮਾਨਸਾ ਦੇ ਕਰਮਚਾਰੀਆਂ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਧਾਂਦਲੀਆਂ ਕਰਕੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿਜੀਲੈਂਸ ਬਿਊਰੋ ਨੂੰ ਪ੍ਰਾਪਤ ਸੂਚਨਾ ਦੇ ਅਧਾਰ ’ਤੇ ਪਿਛਲੇ 4 ਮਹੀਨੇ ਤੋਂ ਚਲਾਏ ਅਪਰੇਸ਼ਨ ਦੌਰਾਨ ਜਾਣਕਾਰੀ ਹਾਸਲ ਹੋਈ ਕਿ ਵਿਜੈ ਕੁਮਾਰ ਲੈਬ ਟੈਕਨੀਸ਼ੀਅਨ, ਦਰਸ਼ਨ ਸਿੰਘ ਫਾਰਮਾਸਿਸਟ ਅਤੇ ਤੇਜਿੰਦਰਪਾਲ ਸ਼ਰਮਾ ਵਿੱਤ ਕਮ ਲਾਜਿਸਟਿਕ ਅਫਸਰ (ਐਫ.ਐਲ.ਓ), ਦੁਆਰਾ ਲੋਕਾਂ ਨੂੰ ਝੂਠੀਆਂ ਡੌਪ ਟੈਸਟ ਰਿਪੋਰਟਾਂ ਜਾਰੀ ਕਰਨ, ਫਰਜੀ ਹੈਂਡੀਕੈਪਟ ਸਰਟੀਫੀਕੇਟ ਜਾਰੀ ਕਰਵਾਉਣ, ਐਮ.ਐਲ.ਆਰਜ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਵਿੱਚ ਬਦਲਾਵ ਕਰਨ ਅਤੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਵੱਡੇ ਪੱਧਰ ਤੇ ਰਿਸਵਤ ਲੈ ਰਹੇ ਸਨ।
ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਵਿਰਕ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਬਠਿੰਡਾ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਤਿੰਨੋਂ ਦੋਸ਼ੀਆਂ ਵਿਰੁੱਧ ਧਾਰਾ 420, 465, 467, 468, 471, 120-ਬੀ, ਆਈ.ਪੀ.ਸੀ, 7,13 (1) (ਏ) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਉਪਲ ਨੇ ਦੱਸਿਆ ਕਿ ਇਹ ਕਰਮਚਾਰੀ ਕੁਝ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ/ਡਾਕਟਰਾਂ ਨਾਲ ਮਿਲ ਕੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਮਰੀਜਾਂ ਦੇ ਕੇਸ ਸਿਵਲ ਹਸਪਤਾਲ ਮਾਨਸਾ ਵਿੱਚੋਂ ਪ੍ਰਾਈਵੇਟ ਹਸਪਤਾਲਾਂ ਨੂੰ ਇਲਾਜ ਲਈ ਰੈਫਰ ਕਰ ਦਿੰਦੇ ਸਨ, ਇਸ ਤਰ੍ਹਾਂ ਇਸ ਯੋਜਨਾ ਦੀ ਦੁਰਵਰਤੋਂ ਕਰਦੇ ਹੋਏ ਇਹ ਕਰਮਚਾਰੀ ਉਨ੍ਹਾਂ ਕੇਸਾਂ ਵਿੱਚ ਵੀ ਵੱਡੇ ਪੱਧਰ ’ਤੇ ਰਿਸ਼ਵਤਾਂ ਹਾਸਲ ਕਰਦੇ ਸਨ।
ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਸਿਵਲ ਹਸਪਤਾਲ ਮਾਨਸਾ ਵਿੱਚ ਡੋਪ ਟੈਸਟ ਕਰਵਾਉਣ ਲਈ ਆਏ ਵਿਅਕਤੀਆਂ ਵਿੱਚੋਂ ਜਿਨ੍ਹਾਂ ਵਿਅਕਤੀਆਂ ਦੇ ਨਤੀਜੇ ਪਾਜ਼ੇਟਿਵ ਆਉਂਦੇ ਸਨ ਉਨ੍ਹਾਂ ਪਾਸੋਂ ਕਰੀਬ 10,000/-ਰੁਪਏ ਪ੍ਰਤੀ ਵਿਅਕਤੀ ਰਿਸ਼ਵਤ ਵਜੋਂ ਹਾਸਲ ਕਰਕੇ ਡੋਪ ਟੈਸਟ ਦਾ ਪਾਜ਼ੇਟਿਵ ਨਤੀਜਾ ਬਦਲ ਕੇ ਨੈਗੇਟਿਵ ਕਰ ਦਿੱਤਾ ਜਾਂਦਾ ਸੀ। ਇਸ ਪ੍ਰਕਾਰ ਕਈ ਨਸ਼ੇੜੀ ਵਿਅਕਤੀ ਵੀ ਅਸਲਾ ਲਾਇਸੰਸ ਬਣਵਾਉਣ ਅਤੇ ਰੀਨਿਊ ਕਰਵਾਉਣ ਵਿੱਚ ਸਫਲ ਹੋ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸਿਵਲ ਅਤੇ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਕਈ ਅਧਿਕਾਰੀ/ਕਰਮਚਾਰੀ ਜੋ ਨਸਿਆਂ ਦੇ ਆਦੀ ਹੋ ਚੁੱਕੇ ਸਨ, ਉਹ ਵੀ ਰਿਸ਼ਵਤ ਦੇ ਕੇ ਡੋਪ ਟੈਸਟ ਵਿੱਚੋਂ ਪਾਸ ਹੋ ਜਾਂਦੇ ਸਨ। ਵਿਜੀਲੈਂਸ ਮੁਖੀ ਨੇ ਦੱਸਆ ਕਿ ਇਸ ਤੋਂ ਇਲਾਵਾ ਇਨਾਂ ਦੋਸ਼ੀਆਂ ਵੱਲੋਂ ਲੜਾਈ-ਝਗੜੇ ਦੌਰਾਨ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਪਾਸੋਂ ਡਾਕਟਰਾਂ ਦੀ ਮਿਲੀਭੁਗਤ ਨਾਲ ਰਿਸ਼ਵਤ ਹਾਸਲ ਕਰਕੇ ਸੱਟ ਦੀ ਕਿਸਮ (ਨੇਚਰ ਆਫ ਇੰਜਰੀ) ਤੱਕ ਵੀ ਬਦਲ ਦਿੱਤੀਆਂ ਜਾਂਦੀਆਂ ਸਨ। ਇਹ ਕਰਮਚਾਰੀ ਆਪਣੇ ਆਹੁਦੇ ਦੀ ਦੁਰਵਰਤੋਂ ਕਰਦੇ ਹੋਏ ਲੋਕਾਂ ਨੂੰ ਫਰਜੀ ਹੈਂਡੀਕੈਂਪਡ ਸਰਟੀਫਿਕੇਟ ਬਣਵਾ ਕੇ ਦੇਣ ਦੇ ਇਵਜ਼ ਵਿੱਚ ਵੀ ਉਹਨਾਂ ਪਾਸੋਂ ਲੱਖਾਂ ਰੁਪਏ ਰਿਸ਼ਵਤ ਹਾਸਲ ਕਰ ਰਹੇ ਸਨ। ਸ਼੍ਰੀ ਉਪਲ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕਰਦੇ ਇਹ ਕਰਮਚਾਰੀ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਦੇ ਸਨ ਅਤੇ ਗਲਤ ਡੋਪ ਟੈਸਟ ਕਰਕੇ ਸਮਾਜ ’ਤੇ ਬੁਰਾ ਪ੍ਰਭਾਵ ਪਾ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਦੇ ਸਬੰਧਤ ਰਿਕਾਰਡ ਨੂੰ ਵਾਚਿਆ ਜਾ ਰਿਹਾ ਹੈ। ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।